ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਜੂਨ
ਸਮਾਜਸੇਵੀ ਤੇ ਸੀਨੀਅਰ ਸਿਟੀਜ਼ਨ ਫੋਰਮ ਤਾਊ ਦੇਵੀ ਲਾਲ ਪਾਰਕ ਦੇ ਮੈਂਬਰ ਡਾ. ਡੀਪੀ ਬੱਤਰਾ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਹਰ ਵਿਅਕਤੀ ਨੂੰ ਇੱਕ ਪੌਦਾ ਲਗਾਉਣਾ ਚਾਹੀਦਾ ਹੈ। ਇੰਨਾ ਹੀ ਨਹੀਂ ਇਨਾਂ ਪੌੌਦਿਆਂ ਨੂੰ ਲਗਾਉਣ ਤੋਂ ਬਾਅਦ ਇਨ੍ਹਾਂ ਦੀ ਸੇਵਾ ਸੰਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਉਹ ਬਰਸਾਤ ਦੇ ਪਹਿਲੇ ਦਿਨ ਤਾਊ ਦੇਵੀ ਲਾਲ ਪਾਰਕ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਤੇ ਸੀਨੀਅਰ ਸਿਟੀਜ਼ਨ ਫੋਰਮ ਵੱਲੋਂ ਕਰਵਾਏ ਪੌਦੇ ਲਾਉਣ ਦੇ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਸਮਾਜਸੇਵੀ ਡਾ. ਡੀਪੀ ਬੱਤਰਾ, ਮਾਸਟਰ ਬਿਸ਼ਨ ਸਿੰਘ, ਸਮਾਜ ਸੇਵੀ ਸ਼ਿਆਮ ਸੁੰਦਰ ਸ਼ਰਮਾ, ਮੇਵਾ ਸਿੰਘ ਨੇ ਤਾਊ ਦੇਵੀ ਲਾਲ ਪਾਰਕ ਵਿਚ ਚਾਂਦਨੀ ਦੇ ਪੌਦੇ ਲਗਾਏ। ਇਸ ਤੋਂ ਪਹਿਲਾਂ ਵੀ ਫੋਰਮ ਵੱਲੋਂ ਦੇਵੀ ਲਾਲ ਪਾਰਕ ਵਿਚ ਨਿੰਮ, ਪਿੱਪਲ, ਨਾਈਟ ਕੁਈਨ ਤੇ ਕਈ ਹੋਰ ਕਿਸਮਾਂ ਦੇ ਪੌਦੇ ਲਗਾਏ। ਉਨ੍ਹਾਂ ਕਿਹਾ ਕਿ ਅੱਜ ਦੇ ਬਦਲਦੇ ਦੌਰ ਵਿਚ ਵਾਤਾਵਰਨ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਲਈ ਅਜਿਹੇ ਸਮੇਂ ਵਿਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣਾ ਹਰ ਵਿਅਕਤੀ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਮੌਕੇ ਸ਼ਿਆਮ ਸੁੰਦਰ ਸਮਾਜ ਸੇਵੀ ਨੇ ਕਿਹਾ ਕਿ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਾਤਾਵਰਨ ਨੂੰ ਸਾਫ ਬਣਾਉਣ ਦੇ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੌਦੇ ਲਗਾਉਣ ਬਾਰੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ। ਸਭ ਨੂੰ ਇਸ ਮੁਹਿੰਮ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਮੌਕੇ ਜ਼ਿਲ੍ਹਾ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਡਾ. ਨਰਿੰਦਰ ਸਿੰਘ , ਸਮਾਜਸੇਵੀ ਨਰੇਸ਼ ਕੁਮਾਰ ਮੌਜੂਦ ਸਨ।