ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ’ਚ ਸੰਤ ਸੰਮੇਲਨ
ਉੱਤਰਾਖੰਡ ਦੇ ਮੁੱਖ ਮੰਤਰੀ, ਮੱਧ ਪ੍ਰਦੇਸ਼ ਦੇ ਸੈਰ ਸਪਾਟਾ ਮੰਤਰੀ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ; ਗੀਤਾ ਜੀਵਨ ਦਾ ਰਸਤਾ ਤੇ ਸ਼ਾਂਤੀ ਦਾ ਸਰੋਤ: ਖੱਟਰ
ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ’ਚ ਸੰਤ ਸੰਮੇਲਨ ਕਰਵਾਇਆ ਗਿਆ ਜਿੱਥੇ ਵੱਖ-ਵੱਖ ਰਾਜਨੀਤਕ ਤੇ ਉੱਘੀਆਂ ਸ਼ਖਸੀਅਤਾਂ ਨੇ ਹਾਜ਼ਰੀ ਲਵਾਈ। ਕੇਂਦਰੀ ਬਿਜਲੀ, ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ ਜੀਵਨ ਜਿਊਣ ਦਾ ਇੱਕ ਤਰੀਕਾ ਤੇ ਸ਼ਾਂਤੀ ਦਾ ਸਰੋਤ ਹੈ। ਭਗਵਾਨ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੀ ਧਰਤੀ ’ਤੇ ਮਹਾਂਭਾਰਤ ਦੇ ਯੁੱਧ ਦੇ ਮੈਦਾਨ ’ਚ ਅਰਜਨ ਨੂੰ ਗੀਤਾ ਦਾ ਸੰਦੇਸ਼ ਦਿੱਤਾ ਜੋ ਅੱਜ ਵੀ ਪਹਿਲਾਂ ਜਿੰਨਾਂ ਹੀ ਪ੍ਰਸੰਗਿਕ ਹੈ। ਸੰਤ ਸੰਮੇਲਨ ਬਾਰੇ ਖੱਟਰ ਨੇ ਕਿਹਾ ਕਿ ਇਹ ਤਿਉਹਾਰ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਵਿੱਚ ਕਰਕੇ ਗੀਤਾ ਦੀਆਂ ਸਿੱਖਿਆਵਾਂ ਦਾ ਪਸਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਵੱਲੋਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ਤੇ ਦਿੱਤੇ ਗਏ ਗੀਤਾ ਦੇ ਉਪਦੇਸ਼ ਮਨੁੱਖਤਾ ਦਾ ਸਦੀਵੀ ਗਿਆਨ ਹਨ। ਗੀਤਾ ਮਨੀਸ਼ੀ ਸੁਆਮੀ ਗਿਆਨਾ ਨੰਦ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਸਦਭਾਵਨਾ ਦਾ ਮਾਰਗ ਗੀਤਾ ਵਿਚ ਮੌਜੂਦ ਗਿਆਨ ਵਿਚ ਹੈ। ਇਹ ਸਾਨੂੰ ਨਫਰਤ, ਡਰ ਤੇ ਮੋਹ ਤੋਂ ਮੁਕਤ ਹੋ ਕੇ ਸਮਾਨਤਾ ਨਾਲ ਜਿਊਣਾ ਸਿਖਾਉਂਦਾ ਹੈ ਜੋ ਕਿ ਵਿਸ਼ਵ ਏਕਤਾ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ, ਭਾਜਪਾ ਆਗੂ ਜੈ ਭਗਵਾਨ ਸ਼ਰਮਾ, ਕੈਪਟਨ ਅਮਰਜੀਤ ਸਿੰਘ, ਅਵਨੀਤ ਵੜੈਚ, ਰੋਸ਼ਨ ਬੇਦੀ, ਸੰਜੇ ਚੌਧਰੀ, ਗੁਰਨਾਮ ਸਿੰਘ ਸੈਣੀ ਰਿਸ਼ੀ ਪਾਲ ਮਥਾਣਾ ਤੇ ਪਤਵੰਤੇ ਮੌਜੂਦ ਸਨ।
ਕੈਪਸ਼ਨ-- ਕੇਂਦਰੀ ਮੰਤਰੀ ਮਨੋਹਰ ਲਾਲ ਦਾ ਸਵਾਗਤ ਕਰਦੇ ਹੋਏ ਪਤਵੰਤੇ।

