ਸਟੇਟ ਬੈਂਕ ਆਫ਼ ਇੰਡੀਆ ਦੀ ਪਿਹੋਵਾ ਸ਼ਾਖਾ ਤੋਂ 40 ਲੱਖ ਰੁਪਏ ਗਾਇਬ ਹੋ ਗਏ। ਪੈਸੇ ਗਾਇਬ ਹੋਣ ਬਾਰੇ ਉਸ ਵੇਲੇ ਲੱਗਿਆ ਜਦੋਂ ਬ੍ਰਾਂਚ ਮੈਨੇਜਰ ਨੇ ਜਾਂਚ ਕੀਤੀ ਅਤੇ ਸੀ ਸੀ ਟੀ ਵੀ ਫੁਟੇਜ ਦੀ ਸਮੀਖਿਆ ਕੀਤੀ। ਮਾਮਲੇ ਵਿੱਚ ਦੋ ਬੈਂਕ ਮੁਲਾਜ਼ਮਾਂ ’ਤੇ ਬੰਡਲਾਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ ਗਿਆ।
ਬ੍ਰਾਂਚ ਮੈਨੇਜਰ ਤਰਸੇਮ ਲਾਲ ਨੇ ਖ਼ਚਾਨਚੀ ਅਤੇ ਅਕਾਊਂਟੈਂਟ ਤੋਂ ਗੁੰਮ ਹੋਈ ਨਕਦੀ ਬਾਰੇ ਪੁੱਛ-ਗਿੱਛ ਕੀਤੀ ਪਰ ਉਹ ਕੋਈ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਦੋਵਾਂ ਮੁਲਜ਼ਮ ਵਿਰੁੱਧ ਐੱਫ ਆਈ ਆਰ ਦਰਜ ਕਰਵਾਈ। ਬ੍ਰਾਂਚ ਮੈਨੇਜਰ ਤਰਸੇਮ ਲਾਲ ਦੇ ਅਨੁਸਾਰ 18 ਨਵੰਬਰ ਨੂੰ ਸਵੇਰੇ 9:30 ਵਜੇ ਬੈਂਕ ਵਿੱਚ ਇੱਕ ਰੁਟੀਨ ਨਿਰੀਖਣ ਕੀਤਾ ਗਿਆ ਸੀ। ਇਸ ਨਿਰੀਖਣ ਦੌਰਾਨ ਕਰੰਸੀ ਚੈਸਟ ਬਿਨ ਨੰਬਰ 26 ਦਾ ਨਿਰੀਖਣ ਕੀਤਾ ਗਿਆ।
ਬੈਂਕ ਰਿਕਾਰਡ ਤੋਂ ਪਤਾ ਲੱਗਿਆ ਕਿ ਇਸ ਬਿਨ ਵਿੱਚ 90 ਬੰਡਲ ਹੋਣੇ ਚਾਹੀਦੇ ਸਨ ਪਰ ਚੈਸਟ ਵਿੱਚ ਸਿਰਫ਼ 82 ਬੰਡਲ ਮਿਲੇ। ਇਨ੍ਹਾਂ ਅੱਠ ਬੰਡਲਾਂ ਦੇ ਗਾਇਬ ਹੋਣ ਨਾਲ 40 ਲੱਖ ਰੁਪਏ ਘਟ ਗਏ। ਮੈਨੇਜਰ ਨੇ ਕੈਸ਼ ਅਫਸਰ ਰਵੀ ਕੁਮਾਰ ਅਤੇ ਅਕਾਊਂਟੈਂਟ ਕਰਨ ਪਾਲ ਤੋਂ ਪੁੱਛ-ਗਿੱਛ ਕੀਤੀ। ਜਦੋਂ ਮੁਲਾਜ਼ਮ ਤਸੱਲੀਬਖਸ਼ ਜਵਾਬ ਦੇਣ ਵਿੱਚ ਅਸਫਲ ਰਹੇ ਤਾਂ ਬੈਂਕ ਦੇ ਸੀ ਸੀ ਟੀ ਵੀ ਫੁਟੇਜ ਦੀ ਜਾਂਚ ਕੀਤੀ ਗਈ। ਇਸ ਤੋਂ ਪਤਾ ਲੱਗਾ ਕਿ 10 ਨਵੰਬਰ ਨੂੰ ਆਖਰੀ ਕਢਵਾਉਣ ਤੋਂ ਬਾਅਦ, ਬਾਕੀ ਬਚੇ ਬੰਡਲ ਸਹੀ ਢੰਗ ਨਾਲ ਨਹੀਂ ਚੈੱਕ ਕੀਤੇ ਗਏ ਸਨ। ਪੁਲੀਸ ਨੇ ਰਵੀ ਅਤੇ ਕਰਨ ਪਾਲ ਵਿਰੁੱਧ ਥਾਣਾ ਸਿਟੀ ਪਿਹੋਵਾ ਵਿੱਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਦੋਵਾਂ ਮੁਲਾਜ਼ਮਾਂ ’ਤੇ ਨਕਦੀ ਚੋਰੀ ਕਰਨ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਕਰਮਚਾਰੀਆਂ ਵਿਰੁੱਧ ਵਿਭਾਗੀ ਜਾਂਚ ਵੀ ਕੀਤੀ ਜਾਵੇਗੀ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

