ਰੋਟਰੀ ਕਲੱਬ ਰਾਇਲ ਨੇ ਬਾਲ ਦਿਵਸ ਮਨਾਇਆ
ਬਚਪਨ ਨੂੰ ਸਿਰਫ਼ ਦੇਖਿਆ ਹੀ ਨਹੀਂ ਜਾਣਾ ਚਾਹੀਦਾ, ਸਗੋਂ ਸਮਝਣਾ ਵੀ ਚਾਹੀਦੈ: ਗਰਗ
ਬਾਲ ਦਿਵਸ ਮੌਕੇ ਰੋਟਰੀ ਰਾਇਲ ਕਲੱਬ ਸ਼ਾਹਬਾਦ ਨੇ ‘ਆਪਣੇ-ਆਪ ਤੋਂ ਉੱਪਰ ਸੇਵਾ’ ਦੇ ਆਪਣੇ ਮੂਲ ਸਿਧਾਂਤ ਨੂੰ ਲਾਗੂ ਕਰਦਿਆਂ ਬਾਲ ਦਿਵਸ ਮਨਾਇਆ। ਇਸ ਮੌਕੇ ਪ੍ਰਧਾਨ ਰੋਟੈਰੀਅਨ ਲਕਸ਼ਯ ਕਾਲੜਾ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਇਸ ਦਿਨ ਦਾ ਜਸ਼ਨ ਮਨਾਇਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਨੇ ਰੋਟਰੀ ਰਾਇਲ ਕਲੱਬ ਦੇ ਮੈਂਬਰਾਂ ਦਾ ਸਵਾਗਤ ਕੀਤਾ। ਕਲੱਬ ਦੇ ਮੈਂਬਰਾਂ ਨੇ ਬੱਚਿਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਬਾਲ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਕਲੱਬ ਨੇ ਬੱਚਿਆਂ ਨੂੰ ਟੌਫੀਆਂ, ਸਮੋਸੇ, ਰਸਗੁੱਲੇ ਆਦਿ ਵੰਡੇ।
ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਮੋਹਿਤ ਛਾਬੜਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦੇ ਚਿਹਰਿਆਂ ’ਤੇ ਹਾਸਾ ਲਿਆਉਣਾ ਰੋਟਰੀ ਰਾਇਲ ਦਾ ਮੁੱਖ ਉਦੇਸ਼ ਹੈ। ਬਾਲ ਦਿਵਸ ਇਨ੍ਹਾਂ ਬੱਚਿਆਂ ਨੂੰ ਇਹ ਅਹਿਸਾਸ ਕਰਾਉਣ ਦਾ ਦਿਨ ਹੈ ਕਿ ਉਹ ਕਿੰਨੇ ਖ਼ਾਸ ਹਨ। ਕਲੱਬ ਦੇ ਸਲਾਹਕਾਰ ਰੋਟੇਰੀਅਨ ਆਸ਼ੂਤੋਸ਼ ਗਰਗ ਨੇ ਕਿਹਾ ਕਿ ਬਾਲ ਦਿਵਸ ਸਿਰਫ਼ ਜਸ਼ਨ ਨਹੀਂ ਹੈ, ਸਗੋਂ ਸਮਾਜ ਦੇ ਰੂਪ ਵਿੱਚ ਸਾਡੀ ਸਮੂਹਿਕ ਜ਼ਿੰਮੇਵਾਰੀ ਦੀ ਯਾਦ ਦਿਵਾਉਂਦਾ ਹੈ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਬੱਚਿਆਂ ਲਈ ਚੰਗਾ ਭਵਿੱਖ ਬਣਾਈਏ। ਉਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਬੱਚਿਆਂ ਵਿੱਚ ਹੈ। ਬਚਪਨ ਨੂੰ ਸਿਰਫ਼ ਦੇਖਿਆ ਹੀ ਨਹੀਂ ਜਾਣਾ ਚਾਹੀਦਾ ਸਗੋਂ ਸਮਝਣਾ ਵੀ ਚਾਹੀਦਾ ਹੈ। ਹਰ ਹੱਸਦਾ ਬੱਚਾ ਜ਼ਿੰਦਾ ਕਵਿਤਾ ਹੈ ਜੋ ਸਾਨੂੰ ਮਨੁੱਖਤਾ ਦੀ ਅਸਲ ਪਰਿਭਾਸ਼ਾ ਸਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਬਾਲ ਦਿਵਸ ’ਤੇ ਸਭ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਹਰ ਬੱਚੇ ਦੇ ਹਾਸੇ ਤੇ ਸੁਫਨੇ ਦੀ ਰੱਖਿਆ ਕਰਨਾ ਸਾਡੀ ਜ਼ਿੰਮੇਵਾਰੀ ਹੈ। ਇਹ ਦਿਨ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਬੱਚਿਆਂ ਨੂੰ ਸਹੀ ਵਾਤਾਵਰਨ, ਸਿੱਖਿਆ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਭਾਰਤ ਨੂੰ ਬੁਲੰਦੀਆਂ ’ਤੇ ਲਿਜਾ ਸਕਦੇ ਹਨ। ਪ੍ਰਾਜੈਕਟ ਦੇ ਵਾਈਸ ਚੇਅਰਮੈਨ ਰਾਜਨ ਸਪੜਾ ਨੇ ਬੱਚਿਆਂ ਨੂੰ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ।
ਇਸ ਮੌਕੇ ਰੋਟੇਰੀਅਨ ਸਤਵਿੰਦਰ ਸਿੰਘ ਗਾਬਾ, ਵਿੱਕੀ ਕੋਹਲੀ, ਕੁਸ਼ ਕਾਲੜਾ, ਹਰਸ਼ੁਲ ਅਰੋੜਾ, ਸੌਰਭ ਸਭਰਵਾਲ, ਸ਼ੈਲਵ ਜੈਨ ਕਲੱਬ ਤੋਂ ਇਲਾਵਾ ਅਧਿਆਪਕ ਰਜਨੀ ਅਗਰਵਾਲ, ਰੋਜ਼ੀ, ਡੌਲੀ, ਸ਼ਵਿਤਾ, ਪ੍ਰਭਜੋਤ ਕੌਰ, ਰਾਜਿੰਦਰ ਕੌਰ ਆਦਿ ਮੌਜੂਦ ਸਨ।

