ਕੈਥਲ ’ਚ ਰੋਡਵੇਜ਼ ਦੀ ਬੱਸ ਤੇ ਪਿਕਅੱਪ ਦੀ ਟੱਕਰ; ਪੰਜਾਬ ਦੇ ਚਾਰ ਸ਼ਰਧਾਲੂਆਂ ਦੀ ਮੌਤ
Kaithal Road Accident: ਕੈਥਲ ਦੇ ਪਿੰਡ ਕਿਓਡਕ ਨੇੜੇ ਸੋਮਵਾਰ ਸਵੇਰੇ ਸੜਕ ਹਾਦਸੇ ਵਿਚ ਪੰਜਾਬ ਨਾਲ ਸਬੰਧਤ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ।
ਸਵੇਰੇ 8 ਵਜੇ ਦੇ ਕਰੀਬ ਪਿਹੋਵਾ ਰੋਡ ’ਤੇ ਰਿਲਾਇੰਸ ਪੰਪ ਨੇੜੇ ਹਰਿਆਣਾ ਰੋਡਵੇਜ਼ ਹਿਸਾਰ ਡਿਪੂ ਦੀ ਬੱਸ ਅਤੇ ਪੰਜਾਬ ਨੰਬਰ ਦੀ ਇੱਕ ਪਿਕਅੱਪ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅੱਪ ਗੱਡੀ ਵਿੱਚ ਸਵਾਰ ਸੱਤ ਲੋਕਾਂ ਵਿੱਚੋਂ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਅਤੇ ਜ਼ਖਮੀ ਪੰਜਾਬ ਤੋਂ ਪਿਹੋਵਾ ਗੁਰਦੁਆਰੇ ਸਤਿਸੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ।
ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾਂ ਦੀ ਪਛਾਣ ਦੀ ਰਸਮੀ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।