ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੂਨ
ਅੱਜ ਦਿੱਲੀ ਅਤੇ ਦਿੱਲੀ-ਐੱਨਸੀਆਰ ਸਣੇ ਦੇਸ਼ ਭਰ ਵਿੱਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਰੇਖਾ ਗੁਪਤਾ ਯੋਗ ਕਰਨ ਲਈ ਸੋਨੀਆ ਵਿਹਾਰ ਪਹੁੰਚੀ। ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਵੀ ਉਨ੍ਹਾਂ ਦੇ ਨਾਲ ਸਨ। ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਗਾਜ਼ੀਆਬਾਦ ਵਿੱਚ ਯੋਗ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਯਮੁਨਾ ਨਦੀ ਦੇ ਕੰਢੇ ਸਥਿਤ ਸੋਨੀਆ ਵਿਹਾਰ ਵਾਟਰ ਸਪੋਰਟਸ ਕਲੱਬ ਵਿੱਚ ਇੱਕ ਵੱਡੇ ਪੱਧਰ ‘ਤੇ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਮੰਤਰੀ ਪਰਵੇਸ਼ ਵਰਮਾ, ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ, ਮੰਤਰੀ ਕਪਿਲ ਮਿਸ਼ਰਾ ਅਤੇ ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਮੋਹਨ ਸਿੰਘ ਬਿਸ਼ਟ ਸਣੇ ਕਈ ਪ੍ਰਮੁੱਖ ਨੇਤਾਵਾਂ ਦੀ ਮੌਜੂਦਗੀ ਦੇਖਣ ਨੂੰ ਮਿਲੀ। ਯਮੁਨਾ ਦੇ ਸੁੰਦਰ ਪਿਛੋਕੜ ਵਿੱਚ ਹੋਏ ਸੈਸ਼ਨ ਵਿੱਚ ਹਿੱਸਾ ਲੈਣ ਲਈ ਸੈਂਕੜੇ ਯੋਗ ਪ੍ਰੇਮੀ ਸਵੇਰੇ ਜਲਦੀ ਇਕੱਠੇ ਹੋਏ। ਮੁੱਖ ਮੰਤਰੀ ਨੇ ਇਸ ਪਲ ਦੀ ਵਰਤੋਂ ਭਲਾਈ, ਕੁਦਰਤ ਅਤੇ ਨਾਗਰਿਕ ਜ਼ਿੰਮੇਵਾਰੀ ਵਿਚਕਾਰ ਸਬੰਧ ‘ਤੇ ਜ਼ੋਰ ਦੇਣ ਲਈ ਕੀਤੀ। ਤਿਆਗਰਾਜ ਸਟੇਡੀਅਮ ਵਿੱਚ ਮੰਤਰੀ ਪਰਵੇਸ਼ ਵਰਮਾ ਨੇ ਇੱਕ ਹੋਰ ਯੋਗ ਸੈਸ਼ਨ ਦੀ ਅਗਵਾਈ ਕੀਤੀ ਜਿਸ ਵਿੱਚ ਕਾਫ਼ੀ ਲੋਕਾਂ ਨੇ ਹਿੱਸਾ ਲਿਆ। ਮੰਤਰੀ ਆਸ਼ੀਸ਼ ਸੂਦ ਨੇ ਛਤਰਸਾਲ ਸਟੇਡੀਅਮ ਵਿੱਚ ਯੋਗ ਕੀਤਾ, ਜਦੋਂ ਕਿ ਸੂਰਜਮਲ ਵਿਹਾਰ ਵਿੱਚ ਯਮੁਨਾ ਸਪੋਰਟਸ ਕੰਪਲੈਕਸ ਵਿੱਚ ‘ਆਸਣ’ ਕੀਤੇ ਗਏ। ਗੁਰੂਗ੍ਰਾਮ ਦੇ ਉਦਯੋਗ ਵਿਹਾਰ ਫੇਜ਼-1 ਵਿੱਚ ਕੰਮ ਕਰ ਰਹੀ ਕੱਪੜਾ ਖੇਤਰ ਦੀ ਬਹੁ-ਰਾਸ਼ਟਰੀ ਨਿਰਯਾਤ ਕੰਪਨੀ, ਮੋਡਲਾਮਾ ਐਕਸਪੋਰਟ ਇੰਡੀਆ ਲਿਮਟਿਡ ਦੇ ਅਹਾਤੇ ਵਿੱਚ ਆਯੁਰਵੇਦ ਮਾਹਿਰ ਡਾ. ਸੁਨੀਲ ਆਰੀਆ ਦੀ ਅਗਵਾਈ ਹੇਠ ਯੋਗ ਦਿਵਸ ਮਨਾਇਆ ਗਿਆ। ਇਸ ਤੋਂ ਇਲਾਵਾ ਦਿੱਲੀ ਦੀਆਂ ਵੱਡੀਆਂ ਕਲੋਨੀਆਂ ਅਤੇ ਸੈਕਟਰਾਂ ਵਿੱਚ ਭਾਜਪਾ ਆਗੂਆਂ ਨੇ ਖਾਸ ਕਰਕੇ ਯੋਗ ਕੈਂਪ ਲਾਉਣ ਵਿੱਚ ਉਤਸ਼ਾਹ ਦਿਖਾਇਆ।
ਕੇਂਦਰੀ ਮੰਤਰੀ ਵੱਲੋਂ ਯੋਗ ਸਮਾਗਮ ਵਿੱਚ ਸ਼ਿਰਕਤ
ਫਰੀਦਾਬਾਦ (ਕੁਲਵਿੰਦਰ ਕੌਰ ਦਿਓਲ): ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ, ਸ਼ਹਿਰ ਵਾਸੀਆਂ ਨੇ ਸੈਕਟਰ 28-31 ਦੇ ਸਾਂਝੇ ਉਪਰਾਲੇ ਹੇਠ ਸੈਂਟਰਲ ਪਾਰਕ ਵਿੱਚ ਲਗਾਏ ਗਏ ਯੋਗ ਕੈਂਪ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ਦੇ ਮੁੱਖ ਮਹਿਮਾਨ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਸਨ, ਜਿਨ੍ਹਾਂ ਨੇ ਉਦਯੋਗਪਤੀ ਸੰਸਦ ਮੈਂਬਰ ਰੁੰਗਟਾ, ਸੰਗਠਨ ਪ੍ਰਧਾਨ ਵਿਨੇਸ਼ ਅਗਰਵਾਲ, ਜਨਰਲ ਸਕੱਤਰ ਬੀ.ਆਰ. ਸਿੰਗਲਾ ਦੇ ਨਾਲ ਦੀਵਾ ਜਗਾ ਕੇ ਯੋਗ ਕੈਂਪ ਦਾ ਉਦਘਾਟਨ ਕੀਤਾ। ਸਾਬਕਾ ਵਿਧਾਇਕ ਨਰਿੰਦਰ ਗੁਪਤਾ, ਲਘੂ ਉਦਯੋਗ ਭਾਰਤੀ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਪ੍ਰਮੁੱਖ ਉਦਯੋਗਪਤੀ ਅਰੁਣ ਬਜਾਜ, ਆਰਡਬਲਿਊਏ ਕਨਫੈਡਰੇਸ਼ਨ ਦੇ ਉਪ ਚੇਅਰਮੈਨ ਰਣਵੀਰ ਸਿੰਘ, ਸਮਾਜਿਕ ਅਤੇ ਸੱਭਿਆਚਾਰਕ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਕੈਂਪ ਵਿੱਚ ਹਿੱਸਾ ਲਿਆ ਅਤੇ ਸੰਗੀਤ ਦੀ ਧੁਨ ‘ਤੇ ਵੱਖ-ਵੱਖ ਯੋਗ ਆਸਣ ਕੀਤੇ। ਕੈਂਪ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਹਿੱਸਾ ਲਿਆ।
ਖੱਟਰ ਨੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਪੌਦਾ ਲਗਾਇਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਜੰਤਰ-ਮੰਤਰ ਲਾਅਨ ਵਿੱਚ ਆਯੋਜਿਤ ‘ਏਕ ਧਰਤੀ, ਏਕ ਸਵਾਸਥ’ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਯੋਗ ਕੀਤਾ। ਕੇਂਦਰੀ ਮੰਤਰੀ ਨੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਇੱਕ ਪੌਦਾ ਲਗਾ ਕੇ ਵਾਤਾਵਰਨ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਵਿਸ਼ਾਖਾਪਟਨਮ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਵਰਕਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਿਆ। ਯੋਗ ਅਭਿਆਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਖੱਟਰ ਨੇ ਕਿਹਾ ਕਿ ਯੋਗ ਸਿਰਫ਼ ਇੱਕ ਕਸਰਤ ਨਹੀਂ ਹੈ, ਸਗੋਂ ਸਿਹਤ, ਸੰਤੁਲਨ ਅਤੇ ਸ਼ਾਂਤੀ ਦਾ ਮਾਰਗ ਹੈ। ਇਸ ਨੂੰ ਸਾਡੇ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ, ਸਾਨੂੰ ‘ਇੱਕ ਪੇੜ ਮਾਂ ਕੇ ਨਾਮ’ ਮੁਹਿੰਮ ਨੂੰ ਇੱਕ ਜਨ ਅੰਦੋਲਨ ਬਣਾਉਣਾ ਚਾਹੀਦਾ ਹੈ।