ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਇੱਥੇ ਫਿਰੌਤੀ ਦੇ ਮਾਮਲੇ ਵਿੱਚ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਵਿੱਚ ਵਿਕਾਸਪੁਰੀ ਖੇਤਰ ਵਿੱਚ ਤਾਇਨਾਤ ਦਿੱਲੀ ਪੁਲੀਸ ਦੇ ਇੱਕ ਹੈੱਡ ਕਾਂਸਟੇਬਲ ਤੋਂ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗੀ ਗਈ ਹੈ। ਗੈਂਗਸਟਰ ਹਿਮਾਂਸ਼ੂ ਉਰਫ਼ ਭਾਊ ਦੇ ਇੱਕ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਇਸ ਕਾਲ ਵਿੱਚ ਅਧਿਕਾਰੀ ਅਤੇ ਉਸ ਦੇ ਪਰਿਵਾਰ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਰਿਪੋਰਟਾਂ ਅਨੁਸਾਰ ਹੈੱਡ ਕਾਂਸਟੇਬਲ ਨੂੰ ਇੱਕ ਅਣਜਾਣ ਨੰਬਰ ਤੋਂ ਦੋ ਫੋਨ ਕਾਲਾਂ ਆਈਆਂ। ਕਾਲ ਕਰਨ ਵਾਲੇ ਦੀ ਪਛਾਣ ਸਾਹਿਲ ਰਿਤੋਲੀ ਵਜੋਂ ਹੋਈ ਹੈ ਜੋ ਹਿਮਾਂਸ਼ੂ ਭਾਊ ਦਾ ਨਜ਼ਦੀਕੀ ਸਾਥੀ ਹੈ। ਉਹ ਹਰਿਆਣਾ ਅਤੇ ਦਿੱਲੀ ਵਿੱਚ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਵਿੱਚੋਂ ਇੱਕ ਹੈ। ਕਾਲ ਦੌਰਾਨ ਰਿਤੋਲੀ ਨੇ ਫਿਰੌਤੀ ਵਜੋਂ 10 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਪਾਲਣਾ ਨਾ ਕਰਨ ‘ਤੇ ਕਾਂਸਟੇਬਲ ਅਤੇ ਉਸਦੇ ਪਰਿਵਾਰ ਦੀ ਹੱਤਿਆ ਹੋ ਜਾਵੇਗੀ। ਜਿਸ ਨੂੰ ਫੋਨ ਆਇਆ ਉਹ ਦਿੱਲੀ ਪੁਲੀਸ ਦੇ ਸਾਬਕਾ ਕਾਂਸਟੇਬਲ ਮਨਜੀਤ ਅਹਲਾਵਤ ਉਰਫ਼ ਦਿਘਲ ਦਾ ਕਰੀਬੀ ਦੋਸਤ ਸੀ। ਮਨਜੀਤ ਦੀ ਹੱਤਿਆ ਦਸੰਬਰ 2024 ਵਿੱਚ ਹਰਿਆਣਾ ਦੇ ਰੋਹਤਕ ਵਿੱਚ ਇੱਕ ਵਿਆਹ ਸਮਾਗਮ ਵਿੱਚ ਕੀਤੀ ਗਈ ਸੀ। ਇਹ ਕਤਲ ਕਥਿਤ ਤੌਰ ‘ਤੇ ਭਾਊ ਗੈਂਗ ਨੂੰ ਜ਼ਬਰਦਸਤੀ ਪੈਸੇ ਨਾ ਦੇਣ ਕਾਰਨ ਹੋਇਆ ਸੀ। ਸ਼ੁਰੂਆਤ ਵਿੱਚ ਕਾਂਸਟੇਬਲ ਨੇ ਧਮਕੀ ਬਾਰੇ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਪਰ ਜਿਵੇਂ ਹੀ ਮਾਮਲਾ ਅਧਿਕਾਰੀਆਂ ਤੱਕ ਪਹੁੰਚਿਆ ਤਾਂ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ।