ਮਠਿਆਈ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਛਾਪੇ
ਮਠਿਆਈਆਂ ਦੀ ਗੁਣਵੱਤਾ ਅਤੇ ਪੈਟਰੋਲ ਦੀ ਸ਼ੁੱਧਤਾ ਦੀ ਜਾਂਚ ਲਈ ਲਏ ਸੈਂਪਲ
ਜ਼ਿਲ੍ਹਾ ਪਸ਼ਾਸਨ ਦੀਆਂ ਟੀਮਾਂ ਨੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਦੇ ਨਿਰਦੇਸ਼ਾਂ ’ਤੇ ਅੱਜ ਸ਼ਹਿਰ ਵਿੱਚ ਮਠਿਆਈ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪਾਂ ’ਤੇ ਅਚਨਚੇਤ ਛਾਪੇ ਮਾਰੇ। ਇਸ ਤਹਿਤ ਐੱਸਡੀਐੱਮ ਵਿਸ਼ਵਨਾਥ ਦੀ ਅਗਵਾਈ ਹੇਠ ਇੱਕ ਟੀਮ ਨੇ ਗਾਬਾ ਹਸਪਤਾਲ ਨੇੜੇ ਸਥਿਤ ਗੰਗਾ ਪੈਟਰੋਲ ਪੰਪ ਦਾ ਨਿਰੀਖਣ ਕੀਤਾ। ਟੀਮ ਨੇ ਪੈਟਰੋਲ ਅਤੇ ਡੀਜ਼ਲ ਦੀ ਸ਼ੁੱਧਤਾ ਦੀ ਜਾਂਚ ਲਈ ਸੈਂਪਲ ਲਏ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜ ਦਿੱਤਾ ਗਿਆ ਹੈ। ਐੱਸਡੀਐੱਮ ਨੇ ਪੰਪ ਮਾਲਕਾਂ ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅੱਗ ਬੁਝਾਊ ਯੰਤਰ ਹਰ ਸਮੇਂ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਟੀਮ ਨੇ ਸ਼ਹਿਰ ਦੀਆਂ ਕਈ ਮਠਿਆਈਆਂ ਦੀਆਂ ਦੁਕਾਨਾਂ ਦਾ ਵੀ ਅਚਨਚੇਤ ਨਿਰੀਖਣ ਕੀਤਾ। ਅਧਿਕਾਰੀਆਂ ਨੇ ਮਠਿਆਈਆਂ ਬਣਾਉਣ ਲਈ ਵਰਤੀ ਜਾ ਰਹੀ ਸਮੱਗਰੀ ਦੀ ਗੁਣਵੱਤਾ, ਸਾਫ਼-ਸਫ਼ਾਈ ਅਤੇ ਸਟੋਰੇਜ ਦੀਆਂ ਸਥਿਤੀਆਂ ਦੀ ਬਾਰੀਕੀ ਨਾਲ ਜਾਂਚ ਕੀਤੀ। ਐੱਸ ਡੀ ਐੱਮ ਨੇ ਚਿਤਾਵਨੀ ਦਿੱਤੀ ਕਿ ਤਿਉਹਾਰਾਂ ਦੌਰਾਨ ਵਧੀ ਹੋਈ ਮੰਗ ਕਾਰਨ ਅਕਸਰ ਮਿਲਾਵਟੀ ਸਾਮਾਨ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਜਨਤਾ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਸਿਖਲਾਈ ਅਧੀਨ ਆਈ ਏ ਐੱਸ ਅਧਿਕਾਰੀ ਸੁਮਨ ਯਾਦਵ, ਡੀ ਐੱਫ ਐੱਸ ਸੀ ਜਤਿਨ ਮਿੱਤਲ, ਫੂਡ ਸੇਫਟੀ ਅਫਸਰ ਡਾ. ਅਮਿਤ ਚੌਹਾਨ, ਵੱਖ-ਵੱਖ ਥਾਣਿਆਂ ਦੇ ਐੱਸ ਐੱਚ ਓ ਅਤੇ ਹੋਰ ਅਧਿਕਾਰੀ ਮੌਜੂਦ ਸਨ।