ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਹਾਦਸੇ ’ਚ ਵਾਲ ਵਾਲ ਬਚੇ
ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਅੱਜ ਵੱਡੇ ਤੜਕੇ ਵਾਲ ਵਾਲ ਬਚ ਗਏ ਜਦੋਂ ਉਨ੍ਹਾਂ ਦੀ ਕਾਰ ਇਥੇ ਪਿਪਲੀ ਫਲਾਈਓਵਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਹਰਭਜਨ ਮਾਨ ਦਿੱਲੀ ਤੋਂ ਮੁਹਾਲੀ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਅਵਾਰਾ ਗਾਂ ਨਾਲ ਟਕਰਾਉਣ ਮਗਰੋਂ ਪਲਟ ਗਈ। ਹਾਲਾਂਕਿ ਗਾਇਕ ਤੇ ਉਨ੍ਹਾਂ ਦੇ ਪੁੱਤਰ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਉਹ ਆਪਣੇ ਪੁੱਤਰ, ਗੰਨਮੈਨ ਅਤੇ ਡਰਾਈਵਰ ਨਾਲ ਯਾਤਰਾ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਤੜਕੇ 4 ਵਜੇ ਦੇ ਕਰੀਬ, ਜਦੋਂ ਉਨ੍ਹਾਂ ਦੀ ਕਾਰ ਪਿਪਲੀ ਫਲਾਈਓਵਰ ਪਾਰ ਕਰ ਰਹੀ ਸੀ, ਤਾਂ ਡਰਾਈਵਰ ਨੇ ਨੈਸ਼ਨਲ ਹਾਈਵੇਅ ’ਤੇ ਇੱਕ ਅਵਾਰਾ ਗਾਂ ਬੈਠੀ ਦੇਖੀ। ਡਰਾਈਵਰ ਨੇ ਅਚਾਨਕ ਬਰੇਕ ਲਗਾਈ, ਪਰ ਕਾਰ ਗਾਂ ਨਾਲ ਟਕਰਾ ਗਈ ਅਤੇ ਪਲਟ ਗਈ। ਰਾਹਗੀਰ ਅਤੇ ਪੁਲੀਸ ਨੇ ਗਾਇਕ ਅਤੇ ਹੋਰ ਸਵਾਰਾਂ ਦੀ ਮਦਦ ਕੀਤੀ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਕੁਰੂਕਸ਼ੇਤਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਹ ਮੁਹਾਲੀ ਲਈ ਰਵਾਨਾ ਹੋ ਗਏ ਅਤੇ ਉੱਥੇ ਇੱਕ ਨਿੱਜੀ ਹਸਪਤਾਲ ਵਿੱਚ ਹੋਰ ਇਲਾਜ ਕਰਵਾਇਆ। ਇਸ ਘਟਨਾ ਵਿੱਚ ਅਦਾਕਾਰ ਦੇ ਸੁਰੱਖਿਆ ਮੁਲਾਜ਼ਮ ਦਾ ਹਥਿਆਰ (AK-47) ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਥਾਨੇਸਰ ਸਦਰ ਪੁਲੀਸ ਥਾਣੇ ਦੇ ਐੱਸਐੱਚਓ ਬਲਜੀਤ ਸਿੰਘ ਨੇ ਕਿਹਾ, ‘‘ਸਾਨੂੰ ਸੂਚਨਾ ਮਿਲੀ ਕਿ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ, ਅਤੇ ਪਤਾ ਲੱਗਾ ਕਿ ਹਰਭਜਨ ਮਾਨ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਇਹ ਹਾਦਸਾ ਹਾਈਵੇਅ ’ਤੇ ਇੱਕ ਅਵਾਰਾ ਗਾਂ ਕਾਰਨ ਹੋਇਆ। ਘਟਨਾ ਵਿੱਚ ਕੋਈ ਵੱਡੀ ਸੱਟ ਫੇਟ ਨਹੀਂ ਲੱਗੀ। ਉਹ ਮੁੱਢਲੀ ਸਹਾਇਤਾ ਲੈਣ ਤੋਂ ਬਾਅਦ ਕੁਰੂਕਸ਼ੇਤਰ ਤੋਂ ਰਵਾਨਾ ਹੋ ਗਏ। ਘਟਨਾ ਸਬੰਧੀ ਗਾਇਕ ਦਾ ਬਿਆਨ ਦਰਜ ਕੀਤਾ ਗਿਆ ਹੈ, ਗਾਇਕ ਨੇ ਕਿਹਾ ਕਿ ਇਹ ਘਟਨਾ ਅਚਾਨਕ ਵਾਪਰੀ ਹੈ ਅਤੇ ਇਸ ਵਿੱਚ ਕਿਸੇ ਦੀ ਕੋਈ ਗਲਤੀ ਨਹੀਂ ਸੀ। ਗਾਂ ਅਤੇ ਨੁਕਸਾਨੇ ਗਏ ਵਾਹਨ ਨੂੰ ਹਾਈਵੇਅ ਤੋਂ ਹਟਾ ਦਿੱਤਾ ਗਿਆ ਹੈ।’’