ਟਰਾਈਡੈਂਟ ਦੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਭੇਜਣ ਦੀ ਤਿਆਰੀ
ਪੰਜਾਬ ਪਲਾਨਿੰਗ ਬੋਰਡ ਦੀ ਵਾਈਸ ਚੇਅਰਮੈਨੀ ਅਤੇ ਹੋਰ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ
ਆਮ ਆਦਮੀ ਪਾਰਟੀ (ਆਪ) ਵੱਲੋਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਰਜਿੰਦਰ ਗੁਪਤਾ ਨੂੰ ਰਾਜ ਸਭਾ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਉਦਯੋਗਪਤੀ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਇਹ ਸੀਟ ਖਾਲੀ ਹੋਈ ਸੀ। ਪੰਜਾਬ ’ਚ ਰਾਜ ਸਭਾ ਦੀ ਇਕ ਸੀਟ ਲਈ 24 ਅਕਤੂਬਰ ਨੂੰ ਚੋਣ ਹੋਣੀ ਹੈ। ਬੀਤੇ ਦਿਨੀਂ ਉਦਯੋਗਪਤੀ ਰਜਿੰਦਰ ਗੁਪਤਾ ਨੇ ਪੰਜਾਬ ਪਲਾਨਿੰਗ ਬੋਰਡ ਦੀ ਵਾਈਸ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨੂੰ ਪੰਜਾਬ ਦੇ ਰਾਜਪਾਲ ਨੇ ਮਨਜ਼ੂਰ ਕਰ ਲਿਆ ਹੈ। ਇਸ ਦੇ ਨਾਲ ਹੀ ਰਜਿੰਦਰ ਗੁਪਤਾ ਨੇ ਐਡਵਾਈਜ਼ਰੀ ਮੈਨੇਜਿੰਗ ਕਮੇਟੀ, ਮੰਦਰ ਸ੍ਰੀ ਕਾਲੀ ਦੇਵੀ ਪਟਿਆਲਾ ਦੇ ਚੇਅਰਪਰਸਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ ਜਿਸ ਨੂੰ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ। ਗੁਪਤਾ ਨੂੰ 2022 ਵਿਚ ਪਲਾਨਿੰਗ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਸੀ। ਉਨ੍ਹਾਂ ਨੂੰ ਇਸ ਸਾਲ ਅਗਸਤ ’ਚ ਹੀ ਐਡਵਾਈਜ਼ਰੀ ਮੈਨੇਜਿੰਗ ਕਮੇਟੀ, ਮੰਦਰ ਸ੍ਰੀ ਕਾਲੀ ਦੇਵੀ ਪਟਿਆਲਾ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ। ‘ਆਪ’ ਸਰਕਾਰ ’ਚ ਗੁਪਤਾ ਨੂੰ ਕੈਬਿਨੇਟ ਰੈਂਕ ਮਿਲਿਆ ਹੋਇਆ ਸੀ। ਇਸ ਤੋਂ ਪਹਿਲਾਂ ਰਜਿੰਦਰ ਗੁਪਤਾ ਅਕਾਲੀ-ਭਾਜਪਾ ਸਰਕਾਰ ਅਤੇ ਉਸ ਮਗਰੋਂ ਕਾਂਗਰਸ ਸਰਕਾਰ ’ਚ ਵੀ ਸੱਤਾ ਭੋਗ ਚੁੱਕੇ ਹਨ। ਗੁਪਤਾ ਦੇ ਅਸਤੀਫ਼ਾ ਦਿੱਤੇ ਜਾਣ ਮਗਰੋਂ ਹੀ ਉਨ੍ਹਾਂ ਨੂੰ ‘ਆਪ’ ਵੱਲੋਂ ਰਾਜ ਸਭਾ ਭੇਜੇ ਜਾਣ ਦੇ ਚਰਚੇ ਸ਼ੁਰੂ ਹੋ ਗਏ ਸਨ। ‘ਆਪ’ ਦੇ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਗੁਪਤਾ ਪਾਰਟੀ ਵੱਲੋਂ ਰਾਜ ਸਭਾ ਦੀ ਮੈਂਬਰੀ ਦੀ ਚੋਣ ਲਈ ਉਮੀਦਵਾਰ ਹੋ ਸਕਦੇ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇੇ ਦੇਹਾਂਤ ਤੋਂ ਬਾਅਦ ਸੰਜੀਵ ਅਰੋੜਾ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਹ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤ ਕੇ ਮੰਤਰੀ ਬਣਾਏ ਗਏ ਸਨ। ਸੰਜੀਵ ਅਰੋੜਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਚਰਚਾ ਸੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿੱਚ ਖਾਲੀ ਹੋਈ ਰਾਜ ਸਭਾ ਦੀ ਸੀਟ ਰਾਹੀਂ ਸੰਸਦ ਦੇ ਉਪਰਲੇ ਸਦਨ ਵਿੱਚ ਭੇਜਿਆ ਜਾਵੇਗਾ। ਪਰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਰਾਜ ਸਭਾ ਵਿੱਚ ਨਹੀਂ ਜਾਣਗੇ। ਹੁਣ ਪੰਜਾਬ ਦੇ ਉਦਯੋਗਪਤੀ ਰਜਿੰਦਰ ਗੁਪਤਾ ਦਾ ਨਾਮ ਸਾਹਮਣੇ ਆਇਆ ਹੈ। ਬੇਸ਼ੱਕ ਕਾਗਜ਼ ਦਾਖ਼ਲ ਕੀਤੇ ਜਾਣ ਤੱਕ ਕੁਝ ਵੀ ਪੱਕੇ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਹੈ ਪਰੰਤੂ ‘ਆਪ’ ਪੰਜਾਬੀਆਂ ਦੀ ਨਾਰਾਜ਼ਗੀ ਤੋਂ ਬਚਣ ਲਈ ਪੰਜਾਬੀ ਚਿਹਰੇ ਨੂੰ ਹੀ ਰਾਜ ਸਭਾ ਭੇਜਣਾ ਚਾਹੁੰਦੀ ਹੈ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਰਾਜ ਸਭਾ ਦੀ ਮੈਂਬਰੀ ਖ਼ਾਸ ਤੌਰ ’ਤੇ ਮਾਲਵਾ ਖ਼ਿੱਤੇ ਨੂੰ ਦੇਣਾ ਚਾਹੁੰਦੇ ਹਨ। ਰਾਜ ਸਭਾ ਲਈ ਪੰਜਾਬ ਤੋਂ ਚੁਣੇ ਗਏ 6 ਮੈਂਬਰਾਂ ਵਿੱਚੋਂ ਇਸ ਵੇਲੇ ਤਿੰਨ ਮੈਂਬਰ ਦਿੱਲੀ ਦੇ ਬਾਸ਼ਿੰਦੇ ਹਨ, ਜਿਨ੍ਹਾਂ ਵਿੱਚ ਸੰਦੀਪ ਪਾਠਕ, ਰਾਘਵ ਚੱਢਾ ਅਤੇ ਵਿਕਰਮਜੀਤ ਸਿੰਘ ਸਾਹਨੀ ਦੇ ਨਾਮ ਸ਼ਾਮਲ ਹਨ ਜਦੋਂ ਕਿ ਤਿੰਨ ਐੱਮ ਪੀ ਦੁਆਬਾ ਖੇਤਰ ਵਿੱਚੋਂ ਹਨ। ਇਨ੍ਹਾਂ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਦੇ ਨਾਮ ਸ਼ਾਮਲ ਹਨ। ਪਹਿਲਾਂ ਲੁਧਿਆਣਾ ਦੇ ਇਕ ਨਾਮੀ ਉਦਯੋਗਪਤੀ ਨੂੰ ਰਾਜ ਸਭਾ ਭੇਜੇ ਜਾਣ ਦੇ ਚਰਚੇ ਚੱਲੇ ਸਨ ਪਰੰਤੂ ਹੁਣ ਰਜਿੰਦਰ ਗੁਪਤਾ ਨੂੰ ਰਾਜ ਸਭਾ ਭੇਜੇ ਜਾਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਉਨ੍ਹਾਂ ਦਾ ਨਾਮ ਅੱਗੇ ਆਉਣ ਨਾਲ ਨਾਲ ਪੰਜਾਬ ਦੇ ਲੋਕਾਂ ’ਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ ਕਿ ‘ਆਪ’ ਨੇ ਮੁੜ ਉਦਯੋਗਪਤੀ ਨੂੰ ਤਰਜੀਹ ਦਿੱਤੀ ਹੈ। ਪੰਜਾਬ ਵਿਧਾਨ ਸਭਾ ’ਚ ਇਸ ਵੇਲੇ ‘ਆਪ’ ਦੇ 93 ਵਿਧਾਇਕ ਹਨ ਅਤੇ ਰਾਜ ਸਭਾ ਮੈਂਬਰ ਬਣਨ ਲਈ 60 ਮੈਂਬਰਾਂ ਦੇ ਵੋਟ ਦੀ ਲੋੜ ਹੈ। ਰਾਜ ਸਭਾ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਪ੍ਰਕਿਰਿਆ 6 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ 24 ਅਕਤੂਬਰ ਨੂੰ ਨਤੀਜਾ ਆਵੇਗਾ।