ਅਸਮਾਨੀ ਬਿਜਲੀ ਡਿੱਗਣ ਕਾਰਨ ਪੋਲਟਰੀ ਫਾਰਮ ਦੀ ਇਮਾਰਤ ਢਹਿ-ਢੇਰੀ
ਪੱਤਰ ਪ੍ਰੇਰਕ
ਯਮੁਨਾਨਗਰ, 29 ਜੂਨ
ਇੱਥੋਂ ਦੇ ਪਿੰਡ ਨਾਹਰਪੁਰ ਵਿੱਚ ਅੱਜ ਸਵੇਰੇ ਪੋਲਟਰੀ ਫਾਰਮ ਦੀ ਦੋ ਮੰਜ਼ਿਲਾ ਇਮਾਰਤ ’ਤੇ ਅਸਮਾਨੀ ਬਿਜਲੀ ਡਿੱਗ ਪਈ। ਇਸ ਕਾਰਨ ਧਮਾਕੇ ਨਾਲ ਪੋਲਟਰੀ ਫਾਰਮ ਦੀ ਪੂਰੀ ਇਮਾਰਤ ਡਿੱਗ ਗਈ। ਇਸ ਹਾਦਸੇ ਵਿੱਚ ਇਮਾਰਤ ਦੇ ਅੰਦਰ ਮੌਜੂਦ ਲਗਪਗ 12 ਤੋਂ 13 ਹਜ਼ਾਰ ਚੂਜ਼ੇ (ਮੁਰਗੀਆਂ ਦੇ ਬੱਚੇ) ਮਲਬੇ ਹੇਠ ਦੱਬ ਕੇ ਮਰ ਗਏ। ਪੋਲਟਰੀ ਫਾਰਮ ਦੇ ਮਾਲਕ ਰਾਜਪਾਲ ਅਨੁਸਾਰ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ । ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਬੰਧਤ ਥਾਣੇ ਦੀ ਪੁਲੀਸ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਪੀੜਤ ਮੁਰਗੀ ਪਾਲਕ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇੱਥੇ ਮੁਰਗੀਆਂ ਪਾਲ ਰਿਹਾ ਸੀ ਅਤੇ ਉਸ ਦੇ ਫਾਰਮ ਤੋਂ ਫੌਜੀ ਖੇਤਰ ਵਿੱਚ ਅੰਡੇ ਸਪਲਾਈ ਕੀਤੇ ਜਾਂਦੇ ਸਨ । ਹੁਣ ਇਮਾਰਤ ਢਹਿ ਜਾਣ ਅਤੇ ਹਜ਼ਾਰਾਂ ਚੂਜ਼ਿਆਂ ਦੀ ਮੌਤ ਹੋਣ ਕਾਰਨ, ਉਸ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਉਸ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਜੋ ਉਹ ਆਪਣਾ ਪੋਲਟਰੀ ਫਾਰਮ ਦੁਬਾਰਾ ਸਥਾਪਿਤ ਕਰ ਸਕੇ। ਵੈਟਰਨਰੀ ਡਾਕਟਰ ਅਸ਼ੋਕ ਮਿਸ਼ਰਾ ਨੇ ਕਿਹਾ ਕਿ ਇਮਾਰਤ ਪੂਰੀ ਤਰ੍ਹਾਂ ਢਹਿ ਗਈ ਹੈ ਅਤੇ ਹਾਦਸੇ ਵਿੱਚ ਸਾਰੇ ਚੂਜ਼ੇ ਮਰ ਗਏ ਹਨ । ਸ਼ੁਰੂਆਤੀ ਜਾਂਚ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਹਾਦਸਾ ਇਮਾਰਤ ’ਤੇ ਸਿੱਧੀ ਬਿਜਲੀ ਡਿੱਗਣ ਕਾਰਨ ਹੋਇਆ ਹੈ।