ਦਿੱਲੀ-ਐੱਨਸੀਆਰ ਦੀ ਹਵਾ ਦੀ ਗੁਣਵੱਤਾ ਹੋਰ ਪ੍ਰਦੂਸ਼ਿਤ ਹੋ ਗਈ ਹੈ ਅਤੇ ਇਸ ਦਾ ਕੁੱਲ ਔਸਤਨ ਏਕਿਊਆਈ 362 ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੱਜ ਸਵੇਰੇ 6 ਵਜੇ ਤੱਕ ਕੌਮੀ ਰਾਜਧਾਨੀ ਵਿੱਚ ਕੁੱਲ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 362 ਸੀ। ਇਸੇ ਤਰ੍ਹਾਂ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਿਹਾ। ਹਾਲਾਂਕਿ ਕਿ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ)-2 ਮਾਪਦੰਡ ਪਹਿਲਾਂ ਤੋਂ ਹੀ ਲਾਗੂ ਹਨ। ਦੁਪਹਿਰ ਸਮੇਂ ਹੀ ਸੂਰਜ ਦੋ ਕੁ ਘੰਟੇ ਲਈ ਚਮਕਿਆ ਪਰ ਸਵੇਰੇ ਅਤੇ ਸ਼ਾਮ ਨੂੰ ਅਸਮਾਨ ’ਤੇ ਧੁਆਂਖੀ ਧੁੰਦ ਦੀ ਪਰਤ ਛਾਈ ਰਹੀ।
ਦੱਖਣ-ਪੱਛਮੀ ਦਿੱਲੀ ਦੇ ਆਰ ਕੇ ਪੁਰਮ ਖੇਤਰ ਵਿੱਚ ਸਵੇਰੇ ਛੇ ਵਜੇ ਤੱਕ ਏਕਿਊਆਈ 362 ’ਤੇ ਬਣਿਆ ਹੋਇਆ ਸੀ। ਪਟਪੜਗੰਜ ਵਿੱਚ ਵੀ ਏਕਿਊਆਈ 361 ’ਤੇ ਬਰਕਰਾਰ ਸੀ। ਇੰਡੀਆ ਗੇਟ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਏਕਿਊਆਈ 353 ਦਰਜ ਕੀਤਾ ਗਿਆ ਸੀ, ਜਿਸਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਏਮਜ਼ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨੇੜੇ ਹਵਾ ਗੁਣਵੱਤਾ ਸੂਚਕਾਂਕ 342 ਦਰਜ ਕੀਤਾ ਗਿਆ। ਅੱਜ ਸਵੇਰੇ ਅਕਸ਼ਰਧਾਮ ਮੰਦਰ ਦੇ ਆਲੇ-ਦੁਆਲੇ ਏਕਿਊਆਈ 350 ਦਰਜ ਕੀਤਾ ਗਿਆ। ਆਨੰਦ ਵਿਹਾਰ ਖੇਤਰ 428 ਦਰਜ ਕੀਤਾ ਗਿਆ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ।
ਸੀ ਪੀ ਸੀ ਬੀ ਅਨੁਸਾਰ, ਸਿਰਫ਼ ਤੋਂ 50 ਦਰਮਿਆਨ ਏਕਿਊਆਈ ਨੂੰ ‘ਚੰਗਾ’, 51 ਤੋਂ 100 ਦਰਮਿਆਨ ‘ਸੰਤੁਸ਼ਟੀਜਨਕ’, 101 ਤੋਂ 200 ਦਰਮਿਆਨ ‘ਮੱਧਮ, 201 ਤੋਂ 300 ‘ਖ਼ਰਾਬ’, 301 ਤੋਂ 400 ‘ਬਹੁਤ ਖ਼ਰਾਬ’ ਅਤੇ 401 ਤੋਂ 500 ‘ਗੰਭੀਰ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਘੱਟੋ-ਘੱਟ ਤਾਪਮਾਨ 18.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ 3.7 ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸਵੇਰੇ ਧੁੰਦ ਅਤੇ ਬਾਅਦ ਵਿੱਚ ਆਸਮਾਨ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

