ਪੁਲੀਸ ਨੇ ਪੰਜ ਨੌਜਵਾਨਾਂ ਦਾ ਨਸ਼ਾ ਛੁਡਾ ਕੇ ਮੁੱਖ ਧਾਰਾ ਨਾਲ ਜੋੜਿਆ
ਐੱਸਪੀ ਸਿਧਾਂਤ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਵੱਲੋਂ ਬਣਾਈ ਗਈ ਨਸ਼ਾ ਛੁਡਾਊ ਟੀਮ ਨੇ ਹੁਣ ਤੱਕ 2261 ਨੌਜਵਾਨਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 1614 ਨੌਜਵਾਨਾਂ ਦਾ ਇਲਾਜ ਹੋਮਿਓਪੈਥਿਕ, ਦੇਸੀ ਅਤੇ ਐਲੋਪੈਥਿਕ ਡਾਕਟਰੀ ਤਰੀਕਿਆਂ ਨਾਲ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 349 ਨੌਜਵਾਨ ਨਸ਼ੇ ਤੋਂ ਪੂਰੀ ਤਰ੍ਹਾਂ ਮੁਕਤ ਹੋ ਕੇ ਸਮਾਜ ਦੀ ਮੁੱਖ ਧਾਰਾ ਵਿੱਚਵਾਪਸ ਆਏ ਹਨ। ਹਾਲ ਹੀ ਵਿੱਚ ਵਾਰਡ ਨੰਬਰ 4, ਰਤੀਆ ਵਿੱਚ ਪੰਜ ਨੌਜਵਾਨਾਂ ਦੀ ਪਛਾਣ ਕੀਤੀ ਗਈ ਹੈ, ਜੋ ਸਾਲਾਂ ਤੋਂ ਨਸ਼ੇ ਦੀ ਲਤ ਵਿੱਚ ਸਨ। ਨਸ਼ਾ ਛੁਡਾਊ ਟੀਮ ਅਤੇ ਸਬ-ਇੰਸਪੈਕਟਰ ਸੁੰਦਰ ਲਾਲ ਦੀ ਅਗਵਾਈ ਹੇਠ ਟੀਮ ਨੇ ਇਨ੍ਹਾਂ ਨੌਜਵਾਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ। ਇਨ੍ਹਾਂ ਵਿੱਚੋਂ ਦੋ ਨੌਜਵਾਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਇੱਕ ਨੌਜਵਾਨ ਲਗਾਤਾਰ ਟੀਕੇ ਰਾਹੀਂ ਨਸ਼ੇ ਲੈਂਦਾ ਸੀ, ਜਿਸ ਕਾਰਨ ਉਸ ਦੇ ਦੋਵੇਂ ਹੱਥ ਕਾਫ਼ੀ ਨੁਕਸਾਨੇ ਗਏ ਸਨ। ਨਸ਼ਾ ਛੁਡਾਊ ਟੀਮ ਨੇ ਉਸਦੀ ਵਿਸ਼ੇਸ਼ ਦੇਖਭਾਲ ਅਤੇ ਇਲਾਜ ਨੂੰ ਯਕੀਨੀ ਬਣਾਇਆ, ਨਾਲ ਹੀ ਮਾਨਸਿਕ ਸਹਾਇਤਾ ਵੀ ਪ੍ਰਦਾਨ ਦਿੱਤੀ।
ਦੂਜਾ ਨੌਜਵਾਨ ਨਸ਼ੇ ਦੀ ਲਤ ਕਾਰਨ ਆਪਣੇ ਪਰਿਵਾਰ ਤੋਂ ਪੂਰੀ ਤਰ੍ਹਾਂ ਮਾਨਸਿਕ ਤੌਰ ’ਤੇ ਕੱਟਿਆ ਹੋਇਆ ਸੀ ਪਰ ਨਸ਼ਾ ਛੁਡਾਊ ਟੀਮ ਦੀ ਮਦਦ ਨਾਲ, ਉਹ ਅੱਜ ਫਿਰ ਤੋਂ ਇੱਕ ਆਮ ਜ਼ਿੰਦਗੀ ਵੱਲ ਵਧ ਰਿਹਾ ਹੈ। ਇਸ ਦੌਰਾਨ ਪੁਲੀਸ ਸੁਪਰਡੈਂਟ ਸਿਧਾਂਤ ਜੈਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਵੀ ਨੌਜਵਾਨ ਨਸ਼ੇ ਦੀ ਲਤ ਤੋਂ ਪੀੜਤ ਹੈ, ਤਾਂ ਕਿਰਪਾ ਕਰਕੇ ਤੁਰੰਤ ਪੁਲੀਸ ਨੂੰ ਸੂਚਿਤ ਕਰੋ।