ਬਰਾੜਾ ਦੇ ਦੁਲਿਆਣੀ ਪਿੰਡ ਵਿੱਚ ਇੱਕ ਫੋਟੋਗ੍ਰਾਫਰ ਨੇ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਪ੍ਰਵੇਸ਼ ਕੁਮਾਰੀ ਨੇ ਮੁਲਾਣਾ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪੁੱਤਰ ਪ੍ਰਵੀਨ ਫੋਟੋਗ੍ਰਾਫਰ ਵਜੋਂ ਕੰਮ ਕਰਦਾ ਸੀ। ਉਸ ਨੇ ਪਿੰਡ ਦੇ ਮਨਦੀਪ ਉਰਫ਼ ਛੋਟੂ ਦੇ ਵਿਆਹ ਦੀ ਵੀਡੀਓ ਅਤੇ ਐਲਬਮ ਤਿਆਰ ਕੀਤੀ ਸੀ। ਜਦੋਂ ਪ੍ਰਵੀਨ ਨੇ ਆਪਣਾ ਮਿਹਨਤਾਨਾ ਮੰਗਿਆ ਤਾਂ ਮਨਦੀਪ ਅਤੇ ਉਸ ਦੇ ਪਰਿਵਾਰ ਨੇ ਨਾਰਾਜ਼ਗੀ ਜਤਾਉਣੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਅਨੁਸਾਰ 28 ਜੁਲਾਈ ਨੂੰ ਸ਼ਾਮ ਕਰੀਬ 6:30 ਵਜੇ ਜਦੋਂ ਪ੍ਰਵੀਨ ਇੱਕ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਖ਼ਰੀਦਣ ਗਿਆ ਤਾਂ ਮਨਦੀਪ ਉਰਫ਼ ਛੋਟੂ, ਸੰਦੀਪ, ਜੀਰਾਮ, ਬੰਤਾ ਰਾਮ, ਸੰਦੀਪ ਦੀ ਪਤਨੀ, ਮਨਦੀਪ ਦੀ ਪਤਨੀ ਅਤੇ ਸੁਲੋਚਨਾ ਨੇ ਉਸ ਨੂੰ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਕੁੱਟਿਆ। ਉਸ ਦੇ ਕੱਪੜੇ ਪਾੜ ਦਿੱਤੇ ਅਤੇ ਝੂਠੇ ਬਲਾਤਕਾਰ ਦੇ ਮਾਮਲੇ ਵਿੱਚ ਫਸਾਉਣ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਪ੍ਰਵੀਨ ਨੇ ਜ਼ਹਿਰ ਨਿਗਲ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਸੱਤ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।