DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰਮੀ ਦੀਆਂ ਛੁੱਟੀਆਂ ਕਰਕੇ ਲੋਕਾਂ ਨੇ ਪਹਾੜਾਂ ਵੱਲ ਚਾਲੇ ਪਾਏ

ਸੜਕਾਂ ’ਤੇ ਕਈ-ਕਈ ਕਿਲੋਮੀਟਰ ਜਾਮ ਲੱਗੇ; ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਲੱਗੀ ਭੀੜ
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਸ਼ਨਿੱਚਰਵਾਰ ਨੂੰ ਲੱਗਿਆ ਜਾਮ। -ਫੋਟੋ: ਰਵੀ ਕੁਮਾਰ
Advertisement
ਆਤਿਸ਼ ਗੁਪਤਾ

ਚੰਡੀਗੜ੍ਹ, 14 ਜੂਨ

Advertisement

ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਗਰਮੀ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੈਦਾਨੀ ਇਲਾਕੇ ਵਿੱਚ ਪੈ ਰਹੀ ਅਤਿ ਦੀ ਗਰਮੀ ਕਰਕੇ ਲੋਕਾਂ ਨੇ ਪਹਾੜਾਂ ਵੱਲ ਚਾਲੇ ਪਾ ਲਏ ਹਨ। ਗਰਮੀ ਦੀਆਂ ਛੁੱਟੀਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਪਹਾੜਾਂ ਵੱਲ ਚਾਲੇ ਪਾਣ ਕਰਕੇ ਚੰਡੀਗੜ੍ਹ, ਪੰਚਕੂਲਾ ਤੇ ਜ਼ੀਰਕਪੁਰ ਤੋਂ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ’ਤੇ ਲੰਬੇ-ਲੰਬੇ ਜਾਮ ਲੱਗੇ ਹੋਏ ਹਨ। ਲੋਕਾਂ ਨੂੰ ਟਰੈਫ਼ਿਕ ਜਾਮ ਕਰਕੇ ਕਈ-ਕਈ ਕਿਲੋਮੀਟਰ ਜਾਮ ਵਿੱਚ ਫਸਣਾ ਪੈ ਰਿਹਾ ਹੈ। ਚੰਡੀ ਮੰਦਰ ਟੌਲ ਪਲਾਜ਼ਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਟੌਲ ਪਲਾਜ਼ਾ ਤੋਂ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਵੱਧ ਗੱਡੀਆਂ ਉੱਥੋਂ ਲੰਘੀਆਂ ਹਨ।

ਰੇਲਗੱਡੀ ਦੀ ਉਡੀਕ ਕਰਦੇ ਹੋਏ ਯਾਤਰੀ। -ਫੋਟੋ: ਰਵੀ ਕੁਮਾਰ

ਦੂਜੇ ਪਾਸੇ ਗਰਮੀ ਦੀਆਂ ਛੁੱਟੀਆਂ ਕਰਕੇ ਵੱਡੀ ਗਿਣਤੀ ਵਿੱਚ ਲੋਕ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਵੀ ਸਫਰ ਕਰ ਰਹੇ ਹਨ। ਇਸੇ ਕਰਕੇ ਬੱਸ ਅੱਡੇ ਤੇ ਰੇਲਵੇ ਸਟੇਸ਼ਨ ’ਤੇ ਵੀ ਸਾਰਾ ਦਿਨ ਭੀੜ ਲੱਗੀ ਰਹੀ ਹੈ। ਅੱਜ ਰੇਲਵੇ ਸਟੇਸ਼ਨ ’ਤੇ ਆਮ ਦਿਨਾਂ ਦੇ ਮੁਕਾਬਲੇ ਵਧੇਰੇ ਭੀੜ ਦਿਖਾਈ ਦਿੱਤੀ ਹੈ। ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 10-15 ਦਿਨਾਂ ਤੋਂ ਰੇਲਵੇ ਸਟੇਸ਼ਨ ’ਤੇ ਅਜਿਹਾ ਹਾਲ ਹੀ ਚੱਲ ਰਿਹਾ ਹੈ। ਅੱਜ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜਾਣ ਵਾਲੀਆਂ ਇਕ ਦਰਜਨ ਤੋਂ ਵੱਧ ਰੇਲ ਗੱਡੀਆਂ ਵਿੱਚ ਟਿਕਟ ਬੁਕਿੰਗ ਲਈ ਵੇਟਿੰਗ ਚੱਲ ਰਹੀ ਹੈ, ਜਿਸ ਲਈ ਲੋਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ ਵਿੱਚ ਤਾਪਮਾਨ ਆਮ ਨਾਲੋਂ 3.6 ਡਿਗਰੀ ਸੈਲਸੀਅਸ ਵੱਧ

ਚੰਡੀਗੜ੍ਹ ਟ੍ਰਾਈਸਿਟੀ ਵਿੱਚ ਅੱਜ ਗਰਮੀ ਦਾ ਕਹਿਰ ਜਾਰੀ ਰਿਹਾ ਹੈ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 3.6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਹੈ। ਇਸੇ ਤਰ੍ਹਾਂ ਮੁਹਾਲੀ ਵਿੱਚ 40.4 ਡਿਗਰੀ ਸੈਲਸੀਅਸ ਅਤੇ ਪੰਚਕੂਲਾ ਵਿੱਚ 39.5 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ 2-3 ਦਿਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ 2-3 ਦਿਨ ਟ੍ਰਾਈਸਿਟੀ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ’ਤੇ ਹਵਾਵਾਂ ਚੱਲਣਗੀਆਂ। ਇਸ ਦੌਰਾਨ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਇਸ ਦੌਰਾਨ ਇਕਾ-ਦੁੱਕਾ ਵਾਰ ਕਿਣ-ਮਿਣ ਵੀ ਹੋ ਸਕਦੀ ਹੈ।

ਗਰਮੀ ਕਾਰਨ ਪਾਣੀ ਦੀਆਂ ਬਾਉਲੀਆਂ ਸੁੱਕੀਆਂ

ਪੰਚਕੂਲਾ (ਪੀਪੀ ਵਰਮਾ): ਅਤਿ ਦੀ ਗਰਮੀ ਪੈਣ ਕਾਰਨ ਬਾਵੜੀਆਂ ਸੁੱਕ ਗਈਆਂ ਹਨ। ਨਤੀਜੇ ਵਜੋਂ ਲੋਕਾਂ ਨੂੰ ਨਦੀ ਤੋਂ ਪੀਣ ਵਾਲਾ ਪਾਣੀ ਲਿਆਉਣ ਲਈ ਰੋਜ਼ਾਨਾ ਤਿੰਨ ਕਿਲੋਮੀਟਰ ਸਫ਼ਰ ਕਰਨਾ ਪੈਂਦਾ ਹੈ। ਮੋਰਨੀ ਬਲਾਕ ਦੇ ਸਾਰੇ 26 ਗ੍ਰਾਮ ਪੰਚਾਇਤਾਂ ਦੇ 100 ਤੋਂ ਵੱਧ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਫਾਈ ’ਤੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਵਾਲ ਉਠਾਏ ਗਏ ਸਨ। ਲੋਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੀ ਮੰਗ ਕੀਤੀ ਹੈ। ਮੋਰਨੀ ਦੇ ਚਪਲਾਣਾ ਦੇ ਵਸਨੀਕ ਮਨੀਸ਼ ਅਤੇ ਬਲਵੰਤ ਨੇ ਕਿਹਾ ਕਿ ਲੋਕ ਇੱਥੇ ਲਗਭਗ 70 ਸਾਲਾਂ ਤੋਂ ਰਹਿ ਰਹੇ ਹਨ। ਅੱਜ ਤੱਕ ਪਬਲਿਕ ਹੈਲਥ ਵਿਭਾਗ ਲੋਕਾਂ ਦੇ ਘਰਾਂ ਨੂੰ ਪਾਣੀ ਦੀ ਪਾਈਪਲਾਈਨ ਨਹੀਂ ਦੇ ਸਕਿਆ ਹੈ। ਅਧੂਰੀ ਪਾਈਪਲਾਈਨ ਕਾਰਨ, ਲੋਕ ਪਾਣੀ ਦਾ ਕੁਨੈਕਸ਼ਨ ਨਹੀਂ ਮਿਲ ਰਹੇ। ਪਰਿਵਾਰ ਦੇ ਅੱਧੇ ਲੋਕਾਂ ਨੂੰ ਪਾਣੀ ਦਾ ਪ੍ਰਬੰਧ ਕਰਨ ਵਿੱਚ ਪੂਰਾ ਦਿਨ ਨਿਕਲ ਜਾਂਦਾ ਹੈ।

Advertisement
×