ਸੀਐਮਓ ਦੀ ਸਿੱਧੀ ਭਰਤੀ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਮਰੀਜ ਖੱਜਲ-ਖੁਆਰ ਹੋਏ। ਡਾਕਟਰਾਂ ਦੀ ਹੜਤਾਲ ਕਾਰਨ ਜਿੱਥੇ ਓਪੀਡੀ ਅਤੇ ਐਮਰਜੈਂਸੀ ਸੇਵਾਵਾਂ ਦੇ ਨਾਲ ਨਾਲ ਪੋਸਟਮਾਰਟਮ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਵੀ ਹੜਤਾਲ ਦਾ ਸਮਰਥਨ ਕੀਤਾ ਹੈ।
ਸੀਐਮਓ ਦੀ ਸਿੱਧੀ ਭਰਤੀ ਕੀਤੇ ਜਾਣ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਮੁਕੰਮਲ ਹੜਤਾਲ ਕੀਤੀ ਗਈ ਜਿਸ ਕਾਰਨ ਐਮਰਜੈਂਭਸੀ ਅਤੇ ਪੋਸਟਮਾਰਟਮ ਦੀਆਂ ਸੇਵਾਵਾਂ ਨੂੰ ਵੀ ਮੁਅੱਤਲ ਕਰਨਾ ਪਿਆ। ਸਰਕਾਰੀ ਹਸਪਤਾਲ ਵਿੱਚ ਆਏ ਕਈ ਜਣੇਪੇ ਵਾਲੀਆਂ ਮਹਿਲਾਵਾਂ ਨੂੰ ਹੋਰ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਹਾਲਾਂਕਿ ਸਰਕਾਰ ਅਤੇ ਸਿਹਤ ਵਿਭਾਗ ਨੇ ਮਰੀਜ਼ਾਂ ਦੀ ਜਾਂਚ ਵਿੱਚ ਸਹਾਇਤਾ ਲਈ ਮੈਡੀਕਲ ਕਾਲਜ ਅਗਰੋਹਾ ਅਤੇ ਹੋਰ ਹਸਪਤਾਲਾਂ ਤੋਂ ਡਾਕਟਰ ਤਾਇਨਾਤ ਕੀਤੇ ਹਨ। ਇਨ੍ਹਾਂ ਡਾਕਟਰਾਂ ਨੂੰ ਓਪੀਡੀ ਮਰੀਜ ਦੇਖਣ ਦੇ ਨਾਲ ਨਾਲ ਐਮਰਜੈਂਸੀ ਵਾਰਡਾਂ ਵਿੱਚ ਤਾਇਨਾਤ ਕੀਤਾ ਗਿਆ ਹੈ।
ਇਸ ਦੌਰਾਨ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਮੱਸਿਆ ਨੂੰ ਰੋਕਣ ਲਈ ਵੱਡੀ ਗਿਣਤੀ ’ਚ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਜ਼ਿਲ੍ਹਾ ਹਸਪਤਾਲ ਸਮੇਤ ਸਾਰੇ ਸੀਐਚਸੀ ਅਤੇ ਪੀਐਚਸੀ ਵਿੱਚ ਕੰਮ ਕਰਨ ਵਾਲੇ ਸਰਕਾਰੀ ਡਾਕਟਰ ਵੀ ਹੜਤਾਲ ’ਤੇ ਰਹੇ। ਇਹ ਹੜਤਾਲ ਦੋ ਦਿਨਾਂ ਤੱਕ ਚੱਲੇਗੀ। ਜਦੋਂ ਇਸ ਮਾਮਲੇ ਸਬੰਧੀ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਡਾਕਟਰਾਂ ਨੇ ਕਿਹਾ, “ ਅਸੀਂ ਹੜਤਾਲ ਨਹੀਂ ਚਾਹੁੰਦੇ, ਨਾ ਹੀ ਅਸੀਂ ਚਾਹੁੰਦੇ ਹਾਂ ਕਿ ਕਿਸੇ ਨੂੰ ਕੋਈ ਅਸੁਵਿਧਾ ਹੋਵੇ। ਅਸੀਂ ਦੋ ਮਹੀਨਿਆਂ ਤੋਂ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ, ਪਰ ਸਰਕਾਰ ਸਹਿਮਤ ਨਹੀਂ ਹੈ। ਜੇਕਰ ਸਰਕਾਰ ਆਪਣਾ ਫੈਸਲਾ ਉਲਟਾਉਂਦੀ ਹੈ, ਤਾਂ ਹੜਤਾਲ ਖ਼ਤਮ ਕਰ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਹੇ ਹੜਤਾਲ ਦੋ ਦਿਨਾਂ ਲਈ ਹੈ, ਜੇਕਰ ਸਰਕਾਰ ਮੰਗਾਂ ਪੂਰੀਆਂ ਨਹੀਂ ਕਰਦੀ ਹੈ ਤਾਂ ਇਸਨੂੰ ਵਧਾਇਆ ਜਾ ਸਕਦਾ ਹੈ।

