ਭਾਰੀ ਮੀਂਹ ਮਗਰੋਂ ਪੰਚਕੂਲਾ ਜਲ-ਥਲ
ਪੰਚਕੂਲਾ (ਪੀਪੀ ਵਰਮਾ): ਬੀਤੇ ਦੋ ਦਿਨਾਂ ਤੋਂ ਤੇਜ਼ ਮੀਂਹ ਨੇ ਪੰਚਕੂਲਾ ਨੂੰ ਜਲ-ਥਲ ਕਰ ਦਿੱਤਾ ਹੈ। ਚੌਕਾਂ-ਚੌਰਾਹਿਆਂ ’ਤੇ ਲੋਕਾਂ ਦੇ ਵਾਹਨ ਫਸੇ ਪਏ ਹਨ। ਸੈਕਟਰ 20-21 ਦੇ ਵਿੱਚ ਸੀਵਰੇਜ ਦਾ ਪਾਣੀ ਅਤੇ ਬਰਸਾਤ ਦਾ ਪਾਣੀ ਓਵਰਫਲੋਅ ਚੱਲ ਰਿਹਾ ਹੈ। ਘੱਗਰ ਅਤੇ ਕੌਸ਼ੱਲਿਆ ਨਦੀ ’ਚ ਪਾਣੀ ਦਾ ਪੱਧਰ ਵਧ ਗਿਆ ਹੈ। ਪੰਚਕੂਲਾ ਨਾਲ ਲੱਗਦੇ ਹਿਮਾਚਲ ਦਾ ਪਾਣੀ ਵੀ ਠਾਠਾਂ ਮਾਰਦਾ ਆ ਰਿਹਾ ਹੈ। ਇਸ ਸਾਲ ਜ਼ਿਲ੍ਹੇ ਵਿੱਚ 1 ਜੂਨ ਤੋਂ ਹੁਣ ਤੱਕ 322.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਕਿ ਆਮ ਨਾਲੋਂ 48.2 ਫ਼ੀਸਦੀ ਵੱਧ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਇਸ ਵਾਰ ਮਾਨਸੂਨ ਬਹੁਤ ਸਰਗਰਮ ਹੈ ਅਤੇ ਆਉਣ ਵਾਲੇ ਸੀਜ਼ਨ ਵਿੱਚ ਆਮ ਦਿਨਾਂ ਵਿੱਚ ਹੋਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬਾਰਿਸ਼ ਅਤੇ ਪਾਣੀ ਭਰਨ ਦੀ ਸੰਭਾਵਨਾ ਦੇ ਮੱਦੇਨਜ਼ਰ ਨਗਰ ਨਿਗਮ ਅਤੇ ਪ੍ਰਸ਼ਾਸਨ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਅਲਰਟ ’ਤੇ ਰੱਖਿਆ ਹੈ। ਨੀਵੇਂ ਇਲਾਕਿਆਂ ਵਿੱਚ ਵਿਸ਼ੇਸ਼ ਚੌਕਸੀ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਵਿੱਚ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।