ਪੰਚਾਇਤਾਂ ਵੱਲੋਂ ਕਿੰਨਰਾਂ ਨੂੰ 3100 ਰੁਪਏ ਤੱਕ ਹੀ ਵਧਾਈ ਦੇਣ ਦੀ ਅਪੀਲ
ਕਿੰਨਰ ਸਮਾਜ ਵਲੋਂ ਵਧਾਈਆਂ ਦੇ ਨਾਂ ਤੇ ਲੋਕਾਂ ਤੋਂ ਵੱਡੀ ਰਕਮ ਵਸੂਲਣ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਸ਼ਿਕਾਇਤਾਂ ’ਤੇ ਜਿਲ੍ਹੇ ਦੀਆਂ ਪੇਂਡੂ ਪੰਚਾਇਤਾਂ ਨੇ ਸਖ਼ਤ ਨੋਟਿਸ ਲਿਆ ਹੈ। ਪੰਚਾਇਤਾਂ ਨੇ ਪਿੰਡਾਂ ਵਿਚ ਨੋਟਿਸ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧਾਈਆਂ ਦੇ ਨਾਂ ’ਤੇ ਕਿੰਨਰ ਸਮਾਜ ਨੂੰ 2100 ਜਾਂ 3100 ਰੁਪਏ ਤੋਂ ਵੱਧ ਨਾ ਦੇਣ। ਕਿੰਨਰਾਂ ਵੱਲੋਂ ਜ਼ਬਰਦਸਤੀ ਕਰਨ ’ਤੇ ਪੁਲੀਸ ਦੀ ਮਦਦ ਲੈਣ ਬਾਰੇ ਵੀ ਕਿਹਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਸਰਪੰਚ ਐਸੋਸੀਏਸ਼ਨ ਦੇ ਜਿਲ੍ਹਾ ਕੁਰੂਕਸ਼ੇਤਰ ਦੇ ਪ੍ਰਧਾਨ ਦੁਨੀ ਚੰਦ ਟਾਟਕਾ ਨੇ ਕਿਹਾ ਕਿ ਕਿੰਨਰ ਸਮਾਜ ਦੇ ਕੁਝ ਲੋਕ ਵਧਾਈਆਂ ਦੇ ਨਾਂ ’ਤੇ 21 ਹਜ਼ਾਰ ਤੋਂ ਲੈਕੇ 51 ਹਜ਼ਾਰ ਰੁਪਏ ਤੱਕ ਦੀ ਮੰਗ ਕਰਦੇ ਹਨ। ਉਨਾਂ ਕਿਹਾ ਜਿਹੜੇ ਪਰਿਵਾਰ ਇੰਨੀ ਵੱਡੀ ਰਕਮ ਨਹੀਂ ਦੇ ਸਕਦਾ, ਇਹ ਲੋਕ ਉਸ ਪਰਿਵਾਰ ਨੂੰ ਨਾ ਸਿਰਫ਼ ਮਾਨਸਿਕ ਤੇ ਧਾਰਮਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਹਨ, ਸਗੋਂ ਉਨ੍ਹਾਂ ਦਾ ਅਪਮਾਨ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਉਨਾਂ ਕਿਹਾ ਕਿ ਪੇਂਡੂ ਪੰਚਾਇਤਾਂ ਕਿੰਨਰ ਸਮਾਜ ਨੂੰ ਵਧਾਈ ਦੇਣ ਦੇ ਹੱਕ ਵਿਚ ਹਨ, ਪਰ ਕਿੰਨਰ ਸਮਾਜ ਦੇ ਲੋਕਾਂ ਨੂੰ ਵੀ ਇਕ ਸੀਮਾ ਦੇ ਅੰਦਰ ਰਹਿ ਕੇ ਵਧਾਈਆਂ ਮੰਗਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਹੁਣ ਪਿੰਡਾਂ ਦੀਆਂ ਪੰਚਾਇਤਾਂ ਨੇ ਫ਼ੈਸਲਾ ਕੀਤਾ ਹੈ ਕਿ ਪਿੰਡਾਂ ਵਿਚ ਵਧਾਈਆਂ 100 ਰੁਪਏ ਤੋਂ ਲੈਕੇ 3100 ਰੁਪਏ ਤੱਕ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇ ਕਿੰਨਰ ਭਾਈਚਾਰੇ ਦੇ ਲੋਕ ਜ਼ਬਰਦਸਤੀ ਵਧਾਈ ਵਜੋਂ 3100 ਰੁਪਏ ਤੋਂ ਵੱਧ ਦੀ ਮੰਗ ਕਰਦੇ ਹਨ ਤਾਂ ਲੋਕਾਂ 112 ’ਤੇ ਸੂਚਿਤ ਕਰਕੇ ਪੁਲਿਸ ਦੀ ਮਦਦ ਲਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਵਧਾਈ ਦੇ ਨਾਂ ’ਤੇ ਵੱਧ ਤੋਂ ਵੱਧ 3100 ਰੁਪਏ ਤੱਕ ਦੀ ਹੀ ਵਧਾਈ ਦੇਵੇ।