ਨਦੀਆਂ ’ਚ ਪਾਣੀ ਦੇ ਪੱਧਰ ’ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ
ਐੱਸਡੀਐਮ ਸ਼ਿਵਜੀਤ ਭਾਰਤੀ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਜਾਰੀ ਭਾਰੀ ਮੀਂਹ ਦੀ ਚਿਤਾਵਨੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਅਤੇ ਸੁਚੇਤ ਰਹਿਣਾ ਚਾਹੀਦਾ ਹੈ। ਖਾਸ ਕਰਕੇ ਸਬ-ਡਿਵੀਜ਼ਨ ਵਿੱਚੋਂ ਲੰਘਦੀਆਂ ਵੱਖ-ਵੱਖ ਨਦੀਆਂ ਦੇ ਕੰਢਿਆਂ ’ਤੇ ਸਥਿਤ ਪਿੰਡਾਂ ਅਤੇ ਪਿੰਡ ਵਾਸੀਆਂ ਨੂੰ ਪਾਣੀ ਦੇ ਵਹਾਅ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਬੇਲੋੜੀ ਆਵਾਜਾਈ ਤੋਂ ਬਚਣ ਦੀ ਅਪੀਲ ਕੀਤੀ।
ਐੱਸਡੀਐੱਮ ਨੇ ਸਿੰਜਾਈ ਵਿਭਾਗ, ਪੰਚਾਇਤ ਸਕੱਤਰਾਂ ਅਤੇ ਪਟਵਾਰੀਆਂ ਨੂੰ ਨਦੀਆਂ ਵਿੱਚ ਪਾਣੀ ਦੇ ਪੱਧਰ ‘ਤੇ ਨਜ਼ਰ ਰੱਖਣ ਅਤੇ ਪਿੰਡ ਵਾਸੀਆਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਲਈ ਸੁਚੇਤ ਕਰਨ ਦੇ ਨਿਰਦੇਸ਼ ਦਿੱਤੇ। ਲੋਕ ਨਿਰਮਾਣ ਵਿਭਾਗ ਨੂੰ ਸੜਕਾਂ, ਪੁਲਾਂ ਅਤੇ ਜਨਤਕ ਇਮਾਰਤਾਂ ‘ਤੇ ਨਿਰੰਤਰ ਨਜ਼ਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਜ਼ਮੀਨ ਦੇ ਕਟਾਅ ਜਾਂ ਪੁਲਾਂ ਨੂੰ ਖ਼ਤਰਾ ਹੋਣ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਤੇ ਡੀਡੀਐੱਮਏ ਚੇਅਰਮੈਨ ਅਜੈ ਸਿੰਘ ਤੋਮਰ ਅੰਬਾਲਾ ਨੇ ਜ਼ਿਲ੍ਹੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਭਾਰੀ ਬਾਰਸ਼ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ, ਆਂਗਣਵਾੜੀ ਕੇਂਦਰ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈਟੀਆਈ), ਕਾਲਜ ਅਤੇ ਖੇਡ ਸਟੇਡੀਅਮ 4 ਸਤੰਬਰ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹੜ੍ਹਾਂ, ਪਾਣੀ ਭਰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਕਮਾਂ ਦੀ ਉਲੰਘਣਾ ਕਰਨ ‘ਤੇ ਆਫ਼ਤ ਪ੍ਰਬੰਧਨ ਐਕਟ, 2005 ਦੇ ਉਪਬੰਧਾਂ ਤਹਿਤ ਕਾਰਵਾਈ ਕੀਤੀ ਜਾਵੇਗੀ।