ਅਫ਼ੀਮ ਤਸਕਰ ਵੱਲੋਂ ਪੁਲੀਸ ਮੁਲਾਜ਼ਮਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਜੁਲਾਈ
ਐਂਟੀ ਨਾਰਕੋਟਿਕਸ ਸੈੱਲ, ਸੀਆਈਏ ਵੱਲੋਂ ਪਿੱਛਾ ਕਰਕੇ ਪਿੰਡ ਗੋਰੀਵਾਲਾ ਵਿੱਚ ਨਾਕੇ ਦੌਰਾਨ ਕਾਬੂ ਕਰਨ ਦੀ ਕੋਸ਼ਿਸ਼ ਦੌਰਾਨ ਅਫੀਮ ਤਸਕਰ ਨੇ ਪੁਲੀਸ ਮੁਲਾਜ਼ਮਾਂ ਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਤਸਕਰ ਦੀ ਕਾਰ ਨੂੰ ਰੋਕਣ ਲਈ ਗੋਲੀ ਵੀ ਚਲਾਈ ਗਈ। ਅਫੀਮ ਤਸਕਰ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਐਂਟੀ ਨਾਰਕੋਟਿਕਸ ਸੈੱਲ ਦੇ ਇੰਚਾਰਜ ਐੱਸਆਈ ਦਾਤਾਰਾਮ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਲਿਕਪੁਰਾ ਦਾ ਰਹਿਣ ਵਾਲਾ ਜਸਵੀਰ ਉਰਫ਼ ਕਾਲਾ ਕਾਰ ਵਿੱਚ ਸਵਾਰ ਹੋ ਕੇ ਡੱਬਵਾਲੀ ਇਲਾਕੇ ਵਿੱਚ ਅਫੀਮ ਸਪਲਾਈ ਕਰਨ ਆ ਰਿਹਾ ਹੈ। ਪੁਲੀਸ ਨੇ ਸਾਂਵਤਖੇੜਾ ਟੀ ਪੁਆਇੰਟ ’ਤੇ ਨਾਕੇ ’ਤੇ ਤਸਕਰ ਜਸਵੀਰ ਉਰਫ਼ ਕਾਲਾ ਦੀ ਕਾਰ ਨੂੰ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ। ਜਸਵੀਰ ਨੇ ਕਾਰ ਪਿੱਛੇ ਮੋੜ ਕੇ ਭਜਾ ਲਈ। ਤਸਕਰ ਕਾਰ ਨੂੰ ਏਲਨਾਬਾਦ ਰੋਡ ਵੱਲ ਭਜਾ ਕੇ ਲੈ ਗਿਆ। ਜਦੋਂ ਜਸਵੀਰ ਸਿੰਘ ਕਾਰ ਲੈ ਕੇ ਗੋਰੀਵਾਲਾ ਚੌਕ ਨੇੜੇ ਪੁੱਜਿਆ ਤਾਂ ਸਾਹਮਣੇ ਪੁਲੀਸ ਦਾ ਨਾਕਾ ਦੇਖ਼ ਉਸ ਨੇ ਤੇਜ਼ ਰਫਤਾਰ ਕਾਰ ਨੂੰ ਪੁਲੀਸ ਮੁਲਾਜ਼ਮਾਂ ’ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਜ਼ਮੀਨ ਤੋਂ ਇੱਟ ਚੁੱਕ ਕੇ ਕਾਰ ਵੱਲ ਮਾਰੀ। ਇੱਟ ਵੱਜਣ ਨਾਲ ਕਾਰ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਤਸਕਰ ਨੇ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਕਾਰਨ ਜ਼ਮੀਨ ‘ਤੇ ਡਿੱਗੇ ਸਿਪਾਹੀ ਗੁਰਪ੍ਰੀਤ ਉੱਪਰ ਜਸਵੀਰ ਨੇ ਮੁੜ ਕਾਰ ਚੜ੍ਹਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਕਾਂਸਟੇਬਲ ਨੂੰ ਬਚਾਉਣ ਅਤੇ ਤਸਕਰ ਨੂੰ ਰੋਕਣ ਲਈ ਕਾਰ ਦੇ ਟਾਇਰ ’ਤੇ ਗੋਲੀ ਚਲਾਈ। ਪਰ ਮੁਲਜ਼ਮ ਫ਼ਰਾਰ ਹੋ ਗਿਆ। ਸਦਰ ਪੁਲੀਸ ਨੇ ਮੁਲਜ਼ਮ ਜਸਵੀਰ ਉਰਫ਼ ਕਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲੀਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰ ਰਹੀ ਹੈ।