ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਰਾਜ ਵਿੱਚ ਇੱਕ ਵਿਲੱਖਣ ਪਹਿਲਕਦਮੀ ਹੋਣ ਜਾ ਰਹੀ ਹੈ। ਇਸ ਤਹਿਤ ਕਿੰਨਰ ਭਾਈਚਾਰਾ ਹੁਣ ਪੂਰੇ ਹਰਿਆਣਾ ਵਿੱਚ ਧੀਆਂ ਦੇ ਜਨਮ ਦਾ ਵੀ ਜਸ਼ਨ ਮਨਾਉਣ ਵਿੱਚ ਸਰਗਰਮ ਭੂਮਿਕਾ ਨਿਭਾਏਗਾ। ਕਿੰਨਰ ਭਾਈਚਾਰੇ ਦੇ ਮੈਂਬਰ ਉਨ੍ਹਾਂ ਘਰਾਂ ਵਿੱਚ ਵੀ ਜਾਣਗੇ ਜਿੱਥੇ ਧੀ ਦਾ ਜਨਮ ਹੋਇਆ ਹੈ। ਜਿਵੇਂ ਕਿ ਉਹ ਰਵਾਇਤੀ ਤੌਰ ‘ਤੇ ਪੁੱਤਰ ਦੇ ਜਨਮ ‘ਤੇ ਕਰਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ‘ਆਪਕੀ ਬੇਟੀ-ਹਮਾਰੀ ਬੇਟੀ’ ਯੋਜਨਾ ਦੇ ਤਹਿਤ, ਕਿੰਨਰ ਭਾਈਚਾਰੇ ਦੇ ਮੈਂਬਰ ਨਵਜੰਮੀ ਧੀ ਦੇ ਪਰਿਵਾਰ ਨੂੰ 21,000 ਰੁਪਏ ਦੀ ਐੱਲਆਈਸੀ ਨਿਵੇਸ਼ ਰਕਮ ਦਾ ਸਰਟੀਫਿਕੇਟ ਪ੍ਰਦਾਨ ਕਰਨਗੇ।
ਇਸ ਪਹਿਲ ਨੂੰ ਹੋਰ ਮਜ਼ਬੂਤ ਕਰਨ ਲਈ, ਹਰਿਆਣਾ ਦੀ ਸਰਕਾਰ ਕਿੰਨਰ ਭਾਈਚਾਰੇ ਨੂੰ ਪ੍ਰੋਤਸਾਹਨ ਵਜੋਂ 1,100 ਰੁਪਏ ਦੀ ਰਕਮ ਵੀ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿਹਾ ਕਿ ਧੀ ਦੇ ਜਨਮ ਦਾ ਜਸ਼ਨ ਮਨਾਉਣਾ ਨਾ ਸਿਰਫ਼ ਸਮਾਜ ਵਿੱਚ ਸਕਾਰਾਤਮਕ ਮਾਨਸਿਕਤਾ ਵਿੱਚ ਤਬਦੀਲੀ ਲੈ ਕੇ ਆਵੇਗਾ, ਸਗੋਂ ਕਿੰਨਰ ਭਾਈਚਾਰੇ ਦੀ ਭਾਗੀਦਾਰੀ ਇਸ ਨੂੰ ਹੋਰ ਵੀ ਪ੍ਰੇਰਨਾਦਾਇਕ ਬਣਾਏਗੀ। ਇਸ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਸੀਨੀਅਰ ਭਾਜਪਾ ਆਗੂ ਨੇਪਾਲ ਸਿੰਘ ਰਾਣਾ, ਭਾਜਪਾ ਜ਼ਿਲ੍ਹਾ ਯਮੁਨਾ ਨਗਰ ਮੀਡੀਆ ਇੰਚਾਰਜ ਕਪਿਲ ਮਨੀਸ਼ ਗਰਗ, ਭਾਜਪਾ ਆਗੂ ਰੁਪਿੰਦਰ ਸਿੰਘ ਮੱਲੀ ਮੌਜੂਦ ਸਨ।