ਅਰਥਚਾਰੇ ਨੂੰ ਪਾਰਦਰਸ਼ੀ ਬਣਾਉਣਗੇ ਅਗਲੀ ਪੀੜ੍ਹੀ ਦੇ ਜੀ ਐੱਸ ਟੀ ਸੁਧਾਰ: ਸੀਤਾਰਮਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਅਗਲੀ ਪੀੜ੍ਹੀ ਦੇ ਜੀ ਐੱਸ ਟੀ ਸੁਧਾਰ ਅਰਥਚਾਰੇ ਨੂੰ ਪੂਰੀ ਤਰ੍ਹਾਂ ਖੁੱਲ੍ਹਾ ਅਤੇ ਪਾਰਦਰਸ਼ੀ ਬਣਾਉਣਗੇ ਜਿਸ ਦਾ ਛੋਟੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ। ਉਹ ਤਾਮਿਲ ਨਾਡੂ ਸਥਿਤ ਸਿਟੀ ਯੂਨੀਅਨ ਬੈਂਕ ਦੇ 120ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਮੌਜੂਦ ਸਨ। ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਲਈ ਇੱਕ ਟਾਸਕ ਫੋਰਸ ਬਣਾਉਣ ਦਾ ਐਲਾਨ ਕੀਤਾ ਹੈ। ਇਸਦਾ ਉਦੇਸ਼ ਨਿਯਮਾਂ ਨੂੰ ਸਰਲ ਬਣਾਉਣਾ, ਲਾਗਤਾਂ ਨੂੰ ਘਟਾਉਣਾ ਅਤੇ ਸਟਾਰਟਅੱਪਸ, ਸੂਖਮ, ਛੋਟੇ ਤੇ ਦਰਮਿਆਨੇ ਉੱਦਮੀਆਂ ਲਈ ਵੱਧ ਅਨੁਕੂਲ ਮਾਹੌਲ ਬਣਾਉਣਾ ਹੈ। ਇਸ ਦੌਰਾਨ ਕੇਂਦਰੀ ਵਿੱਤ ਮੰਤਰੀ ਨੇ ਕੱਪੜਾ ਉਦਯੋਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਆਰਥਿਕ ਚੁਣੌਤੀਆਂ ਦੇ ਨਾਲ-ਨਾਲ 50 ਫ਼ੀਸਦ ਅਮਰੀਕੀ ਟੈਰਿਫ ਬਾਰੇ ਚਿੰਤਾਵਾਂ ਦਰਮਿਆਨ ਉਦਯੋਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕੀ ਟੈਰਿਫ ਨਾਲ ਤਿਰੂਪੁਰ ਨੂੰ ਲਗਪਗ 3,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਹਜ਼ਾਰਾਂ ਨੌਕਰੀਆਂ ਖ਼ਤਰੇ ਵਿੱਚ ਹਨ।