ਜੀਂਦ ’ਚ ਟੈਲੀਫੋਨ ਐਕਸਚੇਂਜ ਨੇੜੇ ਨਵੀਂ ਸੜਕ ਧਸੀ
ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ
ਸ਼ਹਿਰ ਦੇ ਚੱਕਰ ਰੋਡ ’ਤੇ ਪੁਰਾਣੀ ਟੈਲੀਫੋਨ ਐਕਸਚੇਂਜ ਨੇੜੇ ਨਵੀਂ ਸੜਕ ਕੁਝ ਹੀ ਮਹੀਨਿਆਂ ਅੰਦਰ ਧੱਸ ਗਈ ਅਤੇ ਕਈ ਫੁੱਟ ਡੂੰਘਾ ਟੋਇਆ ਪੈ ਗਿਆ। ਆਲ ਇੰਡੀਆ ਅਗਰਵਾਲ ਸਮਾਜ ਦੇ ਪ੍ਰਧਾਨ ਤੇ ਸਮਾਜ ਸੇਵੀ ਡਾ. ਰਾਜ ਕੁਮਾਰ ਗੋਇਲ ਨੇ ਕਿਹਾ ਕਿ ਜੀਂਦ ਵਿੱਚ ਸੜਕ ਧੱਸਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸਤੋਂ ਪਹਿਲਾਂ ਵੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਅਜਿਹੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤੋਂ ਸਾਫ਼ ਹੈ ਕਿ ਉਸਾਰੀ ਕਾਰਜਾਂ ਵਿੱਚ ਗੰਭੀਰ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਸੜਕ ਵਿੱਚ ਮਿਆਰੀ ਸਮੱਗਰੀ ਕਿਉਂ ਨਹੀਂ ਵਰਤੀ ਜਾ ਰਹੀ। ਹਰ ਵਾਰ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਸੜਕਾਂ ਵਾਰ ਵਾਰ ਧੱਸ ਰਹੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਭ੍ਰਿਸ਼ਟਾਚਾਰ ਤੇ ਲਾਪ੍ਰਵਾਹੀ ਦੀ ਸ਼ਾਨਦਾਰ ਮਿਸਾਲ: ਆਪ
ਆਮ ਆਦਮੀ ਪਾਰਟੀ ਮਹਿਲਾ ਦੀ ਸੂਬਾ ਪ੍ਰਧਾਨ ਡਾ. ਰਜਨੀਸ਼ ਜੈਨ ਨੇ ਕਿਹਾ ਕਿ ਸੜਕ ਧੱਸਣਾ ਕੋਈ ਆਮ ਤਕਨੀਕੀ ਖ਼ਰਾਬੀ ਨਹੀਂ ਹੈ, ਸਗੋਂ ਭ੍ਰਿਸ਼ਟਾਚਾਰ, ਲਾਹਪ੍ਰਵਾਹੀ ਅਤੇ ਘਟੀਆ ਨਿਰਮਾਣ ਸਮੱਗਰੀ ਦੀ ਵਰਤੋਂ ਦੀ ਸ਼ਰਮਨਾਕ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਸੜਕਾਂ ਦੇ ਟੋਇਆਂ ਵਾਂਗ ਧੱਸ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਫੌਰੀ ਜਾਂਚ ਕਰਵਾਈ ਜਾਵੇ।
ਸੜਕ ਟੁੱਟਣਾ ਕਮਿਸ਼ਨ ਖੇਡ ਦਾ ਨਤੀਜਾ: ਕਾਂਗਰਸ
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਿਸ਼ੀਪਾਲ ਹੈਬਤਪੁਰ ਨੇ ਸੜਕ ਟੁੱਟਣ ਦੇ ਮਾਮਲੇ ਨੂੰ ਕਮਿਸ਼ਨ ਦੇ ਖੇਡ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੜਕ ਵਿੱਚ ਕਈ ਫੁੱਟ ਡੂੰਘੇ ਟੋਏ ਤੋਂ ਪਤਾ ਚੱਲਦਾ ਹੈ ਕਿ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਅਜਾਈਂ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਮਿਸ਼ਨ ਦੇ ਚੱਕਰ ਵਿੱਚ ਮਾਲ ਪੂਰਾ ਨਹੀਂ ਲੱਗਦਾ ਜਿਸ ਕਾਰਨ ਲੋਕਾ ਨੂੰ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ।

