ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ’ਚ ਬਣੇਗਾ ਨਵਾਂ ਹਾਲ: ਕਾਲਕਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਸੰਗਤ ਦੀ ਮੰਗ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਇਕ ਵਿਸ਼ਾਲ ਏਅਰ ਕੰਡੀਸ਼ਨਲ ਹਾਲ ਤਿਆਰ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ। ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਨਾਂ ਆਗੂਆਂ ਨੇ ਦੱਸਿਆ ਕਿ ਇਸ ਹਾਲ ਦਾ ਯਮੁਨਾ ਪਾਰ ਦੀ ਸੰਗਤ ਨੂੰ ਵੱਡਾ ਲਾਭ ਮਿਲੇਗਾ। ਇਸ ਕਾਰ ਸੇਵਾ ਵਾਸਤੇ ਅੱਜ ਸੰਗਤ ਵੱਲੋਂ ਦਿੱਤਾ ਗਿਆ 4 ਕਿਲੋ 153 ਗ੍ਰਾਮ ਤੇ 313 ਮਿਲੀਗ੍ਰਾਮ ਸੋਨਾ ਅਤੇ 12 ਕਿਲੋ 86 ਗ੍ਰਾਮ ਤੇ 91 ਮਿਲੀਗ੍ਰਾਮ ਚਾਂਦੀ ਬਾਬਾ ਕਾਰ ਸੇਵਾ ਦੇ ਸੁਪਰਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਮਾਰਚ 2023 ਨੂੰ ਸੋਨਾ ਤੇ ਚਾਂਦੀ ਦਿੱਤੀ ਸੀ। ਹੁਣ 15 ਮਾਰਚ 2023 ਤੋਂ 26 ਜੂਨ 2025 ਤੱਕ ਸੋਨਾ ਚਾਂਦੀ ਜਾਂ ਕੋਈ ਹੋਰ ਕੀਮਤੀ ਚੀਜ਼ ਗੋਲਕ ਵਿਚੋਂ ਜੋ ਵੀ ਨਿਕਲਦੀ ਹੈ, ਉਸ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ, ਉਹ ਬਾਬਾ ਜੀ ਨੂੰ ਸੌਂਪੇ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਕਮੇਟੀ ਵੱਲੋਂ ਜੋ ਬਾਲਾ ਸਾਹਿਬ ਹਸਪਤਾਲ ਸ਼ੁਰੂ ਕੀਤਾ ਗਿਆ ਹੈ, ਉਸ ਦੇ ਅਗਲੇ ਪੜਾਅ ਦੀ ਸੇਵਾ ਹੋਣੀ ਹੈ। ਉਸ ਤੋਂ ਇਲਾਵਾ ਗੁਰਮਤਿ ਕਾਲਜ ਦੀ ਮਲਟੀ ਸਟੋਰੀ ਬਿਲਡਿੰਗ, ਮਾਤਾ ਸੁੰਦਰੀ ਗਰਲਜ਼ ਹੋਸਟਲ ਤੇ 125 ਸਟਾਫ ਕੁਆਰਟਰ ਬਣਾਉਣ ਦੀ ਸੇਵਾ ਚਲ ਰਹੀ ਹੈ। ਇਸਦੇ ਨਾਲ ਹੀ ਗੁਰਮਤਿ ਵਿਦਿਆਲਿਆ ਦੀ ਮਲਟੀ ਸਟੋਰੀ ਇਮਾਰਤ ਦੀ ਸੇਵਾ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਕਾਰਜ ਵੱਖਰੇ ਤੌਰ ’ਤੇ ਚਲ ਰਹੇ ਹਨ।