ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜੂਨ
ਨੈਸ਼ਨਲ ਅਲਿਜੀਬਲ ਕਮ ਐਂਟਰੈਂਸ ਟੈਸਟ (ਨੀਟ) ਦਾ ਨਤੀਜਾ ਅੱਜ ਐਲਾਨਿਆ ਗਿਆ। ਇਸ ਵਾਰ ਟਰਾਈਸਿਟੀ ਵਿੱਚ ਨੰਦਿਕਾ ਸਰੀਨ ਨੇ ਮੋਹਰੀ ਸਥਾਨ ਹਾਸਲ ਕੀਤਾ ਹੈ। ਉਸ ਦਾ ਆਲ ਇੰਡੀਆ 98ਵਾਂ ਰੈਂਕ ਆਇਆ ਹੈ। ਇਸ ਵਾਰ ਟੌਪ ਸੌ ਵਿੱਚ ਟਰਾਈਸਿਟੀ ਦੀ ਇਕੱਲੀ ਨੰਦਿਕਾ ਨੇ ਹੀ ਥਾਂ ਬਣਾਈ ਹੈ। ਉਸ ਨੇ 646 ਅੰਕ ਹਾਸਲ ਕਰਦਿਆਂ 99.9954737 ਪਰਸੈਂਟਾਈਲ ਹਾਸਲ ਕੀਤੇ ਹਨ। ਚੰਡੀਗੜ੍ਹ ਦੀ ਦਿਵਿਆ ਨੇ ਵੀ ਆਲ ਇੰਡੀਆ 158ਵਾਂ ਰੈਂਕ ਹਾਸਲ ਕੀਤਾ ਹੈ। ਇਨ੍ਹਾਂ ਦੋਵਾਂ ਲੜਕੀਆਂ ਨੇ ਪਹਿਲੀ ਵਾਰੀ ਵਿਚ ਹੀ ਨੀਟ ਦੀ ਪ੍ਰੀਖਿਆ ਪਾਸ ਕੀਤੀ ਹੈ।
ਨੰਦਿਕਾ ਨੇ ਮੁੱਢਲੀ ਸਿੱਖਿਆ ਸੇਕਰਡ ਹਾਰਟ ਸਕੂਲ ਚੰਡੀਗੜ੍ਹ ਤੋਂ ਕੀਤੀ। ਉਸ ਦੇ ਮਾਪੇ ਡਾਕਟਰ ਹਨ ਜਿਨ੍ਹਾਂ ਨੇ ਉਸ ਨੂੰ ਮੈਡੀਕਲ ਲਾਈਨ ਵੱਲ ਜਾਣ ਲਈ ਪ੍ਰੇਰਿਤ ਕੀਤਾ। ਉਸ ਨੇ ਦੱਸਿਆ ਕਿ ਉਹ ਵੀ ਡਾਕਟਰ ਬਣਨ ਦੀ ਚਾਹਵਾਨ ਸੀ ਤੇ ਉਸ ਨੇ ਪਹਿਲੀ ਵਾਰ ਵਿੱਚ ਹੀ ਨੀਟ ਦੀ ਪ੍ਰੀਖਿਆ ਸਰ ਕੀਤੀ ਹੈ। ਉਸ ਦੀ ਭੈਣ ਨੇ ਵੀ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਤੋਂ ਐਮਬੀਬੀਐਸ ਕੀਤੀ ਹੈ। ਉਸ ਦੇ ਪਿਤਾ ਡਾ. ਜਤਿਨ ਨੇ ਖੁਸ਼ੀ ਵਿਚ ਖੀਵੇ ਹੁੰਦੇ ਦੱਸਿਆ ਕਿ ਉਸ ਦੀ ਧੀ ਨੇ ਉਸ ਨੂੰ ਫਾਦਰਜ਼ ਡੇਅ ’ਤੇ ਅਹਿਮ ਤੋਹਫਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੰਦਿਕਾ ਨੇ ਛੋਟੇ ਹੁੰਦੇ ਤੋਂ ਹੀ ਲਗਨ ਨਾਲ ਪੜ੍ਹਾਈ ਕੀਤੀ ਤੇ ਆਪਣਾ ਸਿਲੇਬਸ ਮੁਕੰਮਲ ਕੀਤਾ। ਉਹ ਰੋਜ਼ਾਨਾ ਸੱਤ ਤੋਂ ਅੱਠ ਘੰਟੇ ਪੜ੍ਹਾਈ ਕਰਦੀ ਰਹੀ ਹੈ।
ਦੂਜੇ ਪਾਸੇ ਦਿਵਿਆ ਨੇ ਆਮ ਵਰਗ ਵਿਚ 158ਵਾਂ ਰੈਂਕ ਹਾਸਲ ਕੀਤਾ ਪਰ ਉਸ ਨੇ ਐਸਸੀ ਵਰਗ ’ਚ ਪੰਜਵਾਂ ਰੈਂਕ ਹਾਸਲ ਕੀਤਾ। ਉਸ ਦੇ ਪਿਤਾ ਵਿਜੈ ਪਾਲ ਸਰਕਾਰੀ ਮਿਡਲ ਸਕੂਲ ਸੈਕਟਰ-45 ਦੇ ਗਣਿਤ ਅਧਿਆਪਕ ਹਨ ਤੇ ਦਿਵਿਆ ਨੇ ਦਸਵੀਂ ਤੱਕ ਦੀ ਪੜ੍ਹਾਈ ਸੇਂਟ ਐਨੀਜ਼ ਸਕੂਲ ਤੋਂ ਹਾਸਲ ਕੀਤੀ ਤੇ ਉਸ ਨੇ ਸੀਨੀਅਰ ਸੈਕੰਡਰੀ ਵਿਚ ਸ੍ਰੀ ਚੇਤੰਨਿਆ ਟੈਕਨੋ ਸਕੂਲ ਸੈਕਟਰ 44 ਵਿਚ ਦਾਖਲਾ ਲਿਆ। ਚੰਡੀਗੜ੍ਹ ਦੇ ਐਲਨ ਇੰਸਟੀਚਿਊਟ ਵਿਚ ਪੜ੍ਹਾਈ ਕਰਨ ਵਾਲੇ ਕੇਸ਼ਵ ਮਿੱਤਲ ਦਾ ਆਲ ਇੰਡੀਆ ਸੱਤਵਾਂ ਰੈਂਕ ਆਇਆ ਹੈ ਜਦਕਿ ਸ੍ਰੀ ਚੇਤੰਨਿਆ ਇੰਸਟੀਚਿਊਟ ਦੇੇ ਮੁਹੰਮਦ ਸਮੀਰ ਦਾ 33ਵਾਂ ਤੇ ਰਾਘਰ ਗੋਇਲ ਦਾ 87ਵਾਂ ਰੈਂਕ ਆਇਆ ਹੈ।