ਡੀਏਵੀ ਕਾਲਜ ਦੇ ਐੱਨਸੀਸੀ ਕੈਡੇਟਾਂ ਨੇ ਬੂਟੇ ਲਾਏ
ਡੀਏਵੀ ਕਾਲਜ ਫਾਰ ਗਰਲਜ਼ ਦੇ ਐੱਨਸੀਸੀ ਕੈਡੇਟਾਂ ਨੇ ਅੱਜ ਇੱਥੇ ਹੋਸਟਲ ਮੈਦਾਨ ਵਿੱਚ ਬੂਟੇ ਲਗਾਏ। ਪੌਦੇ ਲਗਾਉਣ ਦੀ ਮੁਹਿੰਮ 14 ਹਰਿਆਣਾ ਬਟਾਲੀਅਨ ਐੱਨਸੀਸੀ ਯਮੁਨਾਨਗਰ ਦੇ ਕਮਾਂਡਿੰਗ ਅਫ਼ਸਰ ਕਰਨਲ ਜਰਨੈਲ ਸਿੰਘ, ਪ੍ਰਸ਼ਾਸਨਿਕ ਅਧਿਕਾਰੀ ਕਰਨਲ ਜਿਤੇਂਦਰ ਦਹੀਆ ਦੀ ਅਗਵਾਈ ਹੇਠ ਚਲਾਈ ਗਈ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਐੱਨਸੀਸੀ ਇੰਚਾਰਜ ਮੇਜਰ ਗੀਤਾ ਸ਼ਰਮਾ ਨੇ ਕਿਹਾ ਕਿ ਕੈਡੇਟਾਂ ਨੇ ਫਲਦਾਰ ਅਤੇ ਛਾਂਦਾਰ ਪੌਦੇ ਲਗਾ ਕੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਐੱਨਸੀਸੀ ਕੈਡੇਟਾਂ ਨੇ ਗ੍ਰੀਨਿੰਗ ਦੀ ਵੇਸਟ ਲੈਂਡ ਥੀਮ ਵਿਸ਼ੇ ਨੂੰ ਲੈ ਕੇ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਲਗਾਏ ਗਏ ਬੂਟਿਆਂ ਦੀ ਘਟੋ-ਘੱਟ ਦੋ ਸਾਲ ਦੇਖਭਾਲ ਜ਼ਰੂਰ ਕਰਨ। ਇਸ ਤੋਂ ਬਾਅਦ, ਪੌਦਾ ਤੁਹਾਡੀ ਅਤੇ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਦੀ ਸਾਰੀ ਜ਼ਿੰਦਗੀ ਦੇਖਭਾਲ ਕਰੇਗਾ। ਉਨ੍ਹਾਂ ਕਿਹਾ ਕਿ ਰੁੱਖ ਸਾਡੇ ਲਈ ਜੀਵਨਦਾਤਾ ਵਾਂਗ ਹਨ, ਜੋ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ। ਇਸ ਲਈ, ਸਾਨੂੰ ਸਾਰਿਆਂ ਨੂੰ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਸੂਬੇਦਾਰ ਮੇਜਰ ਜਸਵੰਤ ਸਿੰਘ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰਬੰਧਕਾਂ ਅਤੇ ਕੈਡੇਟਾਂ ਦੀ ਸ਼ਲਾਘਾ ਕੀਤੀ। ਐੱਨਸੀਸੀ ਕੈਡੇਟਾਂ ਨੇ ਇਸ ਦੌਰਾਨ ਪੌਦਿਆਂ ਦੀ ਦੇਖਭਾਲ ਕਰਨ ਲਈ ਵਚਨਬੱਧਤਾ ਦੁਹਰਾਈ। ਉਨ੍ਹਾ ਕਿਹਾ ਕਿ ਉਹ ਪੌਦਿਆਂ ਦੀ ਦੇਖਭਾਲ ਦੇ ਨਾਲ-ਨਾਲ ਹੋਰ ਪੌਦੇ ਲਗਾਉਣ ਦੀ ਵੀ ਕੋਸ਼ਿਸ਼ ਕਰਨਗੇ।