ਹਾਕੀ ਦੇ ਜਾਦੂਗਰ ਭਾਰਤ ਰਤਨ ਮੇਜਰ ਧਿਆਨ ਚੰਦ ਦਾ ਜਨਮ ਦਿਨ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਰਾਸ਼ਟਰੀ ਖੇਡ ਦਿਵਸ ਵਜੋਂ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੂੰ ਖੇਡ ਭਾਵਨਾ ਦੀ ਸਹੁੰ ਚੁਕਾਉਣ ਨਾਲ ਹੋਈ, ਜਿਸ ਵਿੱਚ ਖਿਡਾਰੀਆਂ ਨੇ ਵਫ਼ਾਦਾਰੀ, ਇਮਾਨਦਾਰੀ, ਅਨੁਸ਼ਾਸਨ ਅਤੇ ਟੀਮ ਭਾਵਨਾ ਨਾਲ ਖੇਡਾਂ ਵਿੱਚ ਅੱਗੇ ਵਧਣ ਦਾ ਪ੍ਰਣ ਲਿਆ।
ਕਾਲਜ ਦੇ ਜਨਰਲ ਸਕੱਤਰ ਐੱਮਐੱਸ ਸਾਹਨੀ ਨੇ ਖੇਡਾਂ ਨੂੰ ਜੀਵਨ ਵਿੱਚ ਅਨੁਸ਼ਾਸਨ ਅਤੇ ਆਤਮਵਿਸ਼ਵਾਸ ਦਾ ਆਧਾਰ ਦੱਸਦੇ ਹੋਏ ਵਿਦਿਆਰਥੀਆਂ ਨੂੰ ਹਮੇਸ਼ਾ ਖੇਡ ਭਾਵਨਾ ਨਾਲ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਕਾਲਜ ਡਾਇਰੈਕਟਰ ਡਾ. ਵਰਿੰਦਰ ਗਾਂਧੀ ਨੇ ਵਿਦਿਆਰਥੀਆਂ ਨੂੰ ਮੇਜਰ ਧਿਆਨ ਚੰਦ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਖੇਡਾਂ ਸਕਾਰਾਤਮਕ ਸੋਚ ਅਤੇ ਜੀਵਨ ਵਿੱਚ ਸੰਘਰਸ਼ ਕਰਨ ਦੀ ਸ਼ਕਤੀ ਦਿੰਦੀਆਂ ਹਨ। ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ, ਸਗੋਂ ਮਾਨਸਿਕ ਸਿਹਤ ਲਈ ਵੀ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਉੱਤਮਤਾ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਪ੍ਰੋਗਰਾਮ ਦੀ ਕੋਆਰਡੀਨੇਟਰ ਸਰੀਰਕ ਸਿੱਖਿਆ ਵਿਭਾਗ ਮੁਖੀ ਡਾ. ਮੀਨਾਕਸ਼ੀ ਗੁਪਤਾ ਨੇ ਵਿਦਿਆਰਥੀਆਂ ਨੂੰ ਖੇਡਾਂ, ਅਨੁਸ਼ਾਸਨ ਅਤੇ ਟੀਮ ਭਾਵਨਾ ਦੀ ਮਹੱਤਤਾ ਬਾਰੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ। ਸਮਾਗਮ ਵਿੱਚ ਯੋਗਾ ਸੈਸ਼ਨ, ਸਵੈ-ਰੱਖਿਆ ਡੈਮੋ, ਸ਼ਤਰੰਜ, ਕੈਰਮ, ਰੱਸਾਕਸ਼ੀ, ਸਕਿੱਪਿੰਗ, ਵਾਲੀਬਾਲ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਨਾਮ ਅਤੇ ਹੌਸਲਾ ਅਫਜ਼ਾਈ ਕੀਤੀ ਗਈ । ਇਸ ਤੋਂ ਇਲਾਵਾ ‘ਮੇਜਰ ਧਿਆਨਚੰਦ, ਔਰਤਾਂ ਦੀ ਸਿਹਤ ਅਤੇ ਓਲੰਪਿਕ ਵਿੱਚ ਔਰਤਾਂ ਦੀ ਭਾਗੀਦਾਰੀ’ ਵਿਸ਼ਿਆਂ ’ਤੇ ਪੋਸਟਰ ਮੇਕਿੰਗ ਮੁਕਾਬਲਾ, ਲੇਖ ਲਿਖਣ ਮੁਕਾਬਲਾ ਅਤੇ ਪਾਵਰ ਪੁਆਇੰਟ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਗਈਆਂ।