ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਸ਼ਹੀਦੀ ਨਗਰ ਕੀਰਤਨ ਅੱਜ ਨਾਰਾਇਣਗੜ੍ਹ ਰਾਹੀਂ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਪਹੁੰਚੀ, ਜਿੱਥੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸ਼ਰਧਾਲੂਆਂ ਨੇ ਨਗਰ ਕੀਰਤਨ ਦਾ ਖ਼ਾਸ ਤੌਰ ’ਤੇ ਅਦਬ ਨਾਲ ਸਤਿਕਾਰ ਕੀਤਾ। ਸਾਬਕਾ ਵਿਧਾਇਕ ਡਾ. ਪਵਨ ਸੈਣੀ ਵੀ ਸਮਾਗਮ ਵਿੱਚ ਹਾਜ਼ਰ ਰਹੇ।
ਇਸ ਦੌਰਾਨ ਪੰਜ ਪਿਆਰਿਆਂ ਅਤੇ ਕਮੇਟੀ ਮੈਂਬਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਗਤਕਾ ਟੀਮਾਂ ਨੇ ਜੁਝਾਰੂ ਪ੍ਰਦਰਸ਼ਨ ਕੀਤਾ। ਇਹ ਨਗਰ ਕੀਰਤਨ ਸਵੇਰੇ ਗੁਰਦੁਆਰਾ ਟੋਕਾ ਸਾਹਿਬ ਤੋਂ ਸ਼ੁਰੂ ਹੋਈ ਅਤੇ ਕਾਲਾ ਅੰਬ, ਨਾਰਾਇਣਗੜ੍ਹ ਅਤੇ ਸ਼ਹਜ਼ਾਦਪੁਰ ਤੋਂ ਹੁੰਦੀ ਹੋਈ ਪੰਜੋਖਰਾ ਸਾਹਿਬ ਪਹੁੰਚੀ। ਭਲਕੇ 18 ਨਵੰਬਰ ਨੂੰ ਇਹ ਨਗਰ ਕੀਰਤਨ ਪੰਜੋਖਰਾ ਸਾਹਿਬ ਤੋਂ ਅੰਬਾਲਾ ਛਾਉਣੀ ਦੇ ਵੱਖ-ਵੱਖ ਇਲਾਕਿਆਂ ਰਾਹੀਂ ਗੁਜ਼ਰਦੀ ਹੋਈ ਮੁੜ ਪੰਜੋਖਰਾ ਸਾਹਿਬ ਪਹੁੰਚੇਗੀ, ਜਿੱਥੇ ਰਾਤਰੀ ਵਿਸ਼ਰਾਮ ਹੋਵੇਗਾ। ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਵੀ ਭਲਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣਗੇ।
ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਮੀਤ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ 15 ਨਵੰਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ, ਦਿੱਲੀ ਤੋਂ ਸ਼ੁਰੂ ਹੋਈ ਸਾਈਕਲ ਯਾਤਰਾ ਬੀਤੀ ਦੇਰ ਰਾਤ ਤਕਰੀਬਨ 11 ਵਜੇ ਅੰਬਾਲਾ ਸ਼ਹਿਰ ਪਹੁੰਚੀ। ਅੰਬਾਲਾ ਮੋਟਰ ਮਾਰਕੀਟ ’ਚ ਪਹੁੰਚਣ ’ਤੇ ਜਥੇਦਾਰ ਚਰਨਜੀਤ ਸਿੰਘ ਟੱਕਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਹਰਪਾਲ ਸਿੰਘ ਕੰਬੋਜ, ਕੁਲਵੰਤ ਸਿੰਘ ਵਾਲੀਆ, ਬਲਜੀਤ ਸਿੰਘ ਸਾਹਨੀ, ਸਰਬਜੀਤ ਸਿੰਘ ਓਬਰਾਏ, ਪ੍ਰਿੰਸ ਅਹੂਜਾ, ਸੰਨੀ ਮੋਖਾ, ਹਰਵਿੰਦਰ ਸਿੰਘ ਬੁੰਦਾ, ਸਬਿੰਦਰ ਸਿੰਘ ਟੱਕਰ, ਹਰਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਲੱਕੀ ਹਾਜ਼ਰ ਸਨ।

