ਮੁਹਾਲੀ ਪੁਲੀਸ ਨੇ ਪਿਓ-ਪੁੱਤ ਦੀ ਗੈਰਕਾਨੂੰਨੀ ਉਸਾਰੀ ਢਾਹੀ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ(ਮੁਹਾਲੀ), 14 ਜੁਲਾਈ
ਮੁਹਾਲੀ ਪੁਲੀਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਅੱਜ ਥਾਣਾ ਬਲੌਂਗੀ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡ ਜੁਝਾਰ ਨਗਰ ਵਿੱਚ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਕੀਤੀ ਨਾਜਾਇਜ਼ ਉਸਾਰੀ ਢਾਹੁਣ ਦੀ ਮੁਹਿੰਮ ਚਲਾਈ। ਇਹ ਕਾਰਵਾਈ ਐਨਡੀਪੀਐਸ ਅਤੇ ਆਬਕਾਰੀ ਐਕਟ ਸਮੇਤ 12 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਪਿਓ-ਪੁੱਤਰ ਖ਼ਿਲਾਫ਼ ਕੀਤੀ ਗਈ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਪੀਲ ਉੱਤੇ ਕੀਤੀ ਗਈ, ਜਿਸ ਤਹਿਤ ਗੈਰ-ਕਾਨੂੰਨੀ ਉਸਾਰੀ ਢਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਵਿੱਚ ਜ਼ਿਲ੍ਹਾ ਪੁਲੀਸ ਦੀ ਮਦਦ ਮੰਗੀ ਸੀ।
ਐੱਸਐੱਸਪੀ ਹਾਂਸ ਨੇ ਦੱਸਿਆ ਕਿ ਮਲਕੀਤ ਸਿੰਘ ਵਿਰੁੱਧ 2018 ਤੋਂ 2024 ਤੱਕ ਸੱਤ ਐੱਫਆਈਆਰ ਦਰਜ ਹਨ। ਇਨ੍ਹਾਂ ਵਿੱਚ ਐੱਨਡੀਪੀਐੱਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਤਿੰਨ ਅਤੇ ਆਈਪੀਸੀ ਅਧੀਨ ਦੋ ਹੋਰ ਪਰਚੇ ਸ਼ਾਮਲ ਹਨ। ਇਹ ਸਾਰੇ ਪਰਚੇ ਥਾਣਾ ਬਲੌਂਗੀ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਹੈਪੀ ਦੇ ਨਾਮ ’ਤੇ ਬਲੌਂਗੀ ਪੁਲਿਸ ਸਟੇਸ਼ਨ ਵਿੱਚ 2018 ਤੋਂ 2025 ਵਿਚਕਾਰ ਪੰਜ ਐੱਫਆਈਆਰ ਦਰਜ ਹੋਈਆਂ ਹਨ। ਇਨ੍ਹਾਂ ਵਿੱਚ ਐਨਡੀਪੀਐਸ ਐਕਟ ਅਧੀਨ ਦੋ, ਆਬਕਾਰੀ ਐਕਟ ਅਧੀਨ ਇੱਕ ਅਤੇ ਇੱਕ-ਇੱਕ ਆਈਪੀਸੀ ਅਧੀਨ ਅਤੇ ਬੀਐੱਨਐੱਸ (ਭਾਰਤੀ ਨਿਆਂ ਸੰਹਿਤਾ) ਤਹਿਤ ਸ਼ਾਮਲ ਹਨ।
ਐੱਸਐੱਸਪੀ ਨੇ ਕਿਹਾ ਕਿ ਮੁਹਾਲੀ ਪੁਲੀਸ ਨਸ਼ਾ ਤਸਕਰਾਂ ਲਈ ਜ਼ੀਰੋ ਸਹਿਣਸ਼ੀਲਤਾ ਨੀਤੀ ਰੱਖਦੀ ਹੈ ਤੇ ਭਵਿੱਖ ਵਿਚ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਐੱਸਪੀ ਦੀਪਿਕਾ ਸਿੰਘ, ਡੀਐੱਸਪੀ ਖਰੜ-ਇੱਕ ਕਰਨ ਸੰਧੂ ਅਤੇ ਥਾਣਾ ਬਲੌਂਗੀ ਦੇ ਇੰਚਾਰਜ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲੀਸ ਫੋਰਸ ਤਾਇਨਾਤ ਸੀ।