ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ ਕੱਸਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵਿਦੇਸ਼ੀ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਜੀਐੱਸਟੀ ਦੀਆਂ ਸਿਰਫ਼ ਦੋ ਹੀ ਦਰਾਂ ਰਹਿਣ ਦਿੱਤੀਆਂ ਹਨ ਜਿਸ ਮਗਰੋਂ ਕਈ ਵਸਤਾਂ ਸਸਤੀਆਂ ਹੋ ਗਈਆਂ ਹਨ ਅਤੇ ਦੇਸ਼ ਦੀ ਸਰਕਾਰ ਵੱਲੋਂ ਇਸ ਨੂੰ ਨਰਾਤਿਆਂ ਦੇ ਦਿਨ ਇੱਕ ਤੋਹਫੇ ਵਜੋਂ ਪੇਸ਼ ਕੀਤਾ ਗਿਆ ਹੈ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸਵਦੇਸ਼ੀ ਚੀਜ਼ਾਂ ਖ਼ਰੀਦਣ ਦੀ ਅਪੀਲ ਕੀਤੀ ਹੈ। ਸਰਕਾਰ ਵੱਲੋਂ ਕੀਤੇ ਫ਼ੈਸਲੇ ਮਗਰੋਂ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਵਿੱਚ ਬਦਲਾਅ ਕਾਰਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ। ਹੁਣ ਭਾਰਤ ਵਿੱਚ 5 ਫ਼ੀਸਦ ਅਤੇ 18 ਫ਼ੀਸਦ ਦੇ ਸਿਰਫ ਦੋ ਪੱਧਰ ਦਾ ਜੀਐੱਸਟੀ ਲਾਇਆ ਜਾਣਾ ਜੋ ਅੱਜ ਤੋਂ ਸ਼ੁਰੂ ਹੋ ਗਿਆ ਹੈ। 12 ਫ਼ੀਸਦ ਅਤੇ 18 ਫ਼ੀਸਦ ਦੇ ਸਲੈਬ ਹਟਾ ਦਿੱਤੇ ਗਏ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸੇਧਦਿਆਂ ‘ਐਕਸ’ ਲਿਖਿਆ, ‘‘ਪ੍ਰਧਾਨ ਮੰਤਰੀ ਜੀ, ਤੁਸੀਂ ਚਾਹੁੰਦੇ ਹੋ ਕਿ ਜਨਤਾ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰੇ। ਕੀ ਤੁਹਾਨੂੰ ਖੁਦ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ? ਕੀ ਤੁਹਾਨੂੰ ਉਹ ਵਿਦੇਸ਼ੀ ਜਹਾਜ਼ ਛੱਡ ਦੇਣਾ ਚਾਹੀਦਾ ਹੈ ਜਿਸ ’ਤੇ ਤੁਸੀਂ ਹਰ ਰੋਜ਼ ਯਾਤਰਾ ਕਰਦੇ ਹੋ? ਕੀ ਤੁਹਾਨੂੰ ਉਹ ਸਾਰੇ ਵਿਦੇਸ਼ੀ ਸਾਮਾਨ ਛੱਡ ਦੇਣਾ ਚਾਹੀਦਾ ਹੈ ਜੋ ਤੁਸੀਂ ਸਾਰਾ ਦਿਨ ਵਰਤਦੇ ਹੋ? ਕੀ ਤੁਹਾਨੂੰ ਭਾਰਤ ਵਿੱਚ ਕੰਮ ਕਰਨ ਵਾਲੀਆਂ ਚਾਰ ਅਮਰੀਕੀ ਕੰਪਨੀਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ? ਟਰੰਪ ਹਰ ਰੋਜ਼ ਭਾਰਤ ਅਤੇ ਭਾਰਤੀਆਂ ਦਾ ਅਪਮਾਨ ਕਰ ਰਿਹਾ ਹੈ। ਕੀ ਤੁਹਾਨੂੰ ਵੀ ਕੁਝ ਕਰਨਾ ਚਾਹੀਦਾ ਹੈ? ਲੋਕ ਆਪਣੇ ਪ੍ਰਧਾਨ ਮੰਤਰੀ ਤੋਂ ਕਾਰਵਾਈ ਦੀ ਉਮੀਦ ਕਰਦੇ ਹਨ, ਉਪਦੇਸ਼ਾਂ ਤੋਂ ਨਹੀਂ।’’
ਜ਼ਿਕਰਯੋਗ ਹੈ ਕਿ ਭਾਜਪਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਵਦੇਸ਼ੀ ਦਾ ਜੋਰ-ਸ਼ੋਰ ਨਾਲ ਪ੍ਰਚਾਰ ਕਰਦੀ ਸੀ ਪਰ ਸੱਤਾ ਵਿੱਚ ਆਉਂਦੇ ਹੀ ਪਾਰਟੀ ਦੀਆਂ ਨੀਤੀਆਂ ਵਿੱਚ ਹੈਰਾਨੀਜਨਕ ਤਬਦੀਲੀ ਦੇਖੀ ਗਈ ਹੈ।
ਸੰਜੈ ਸਿੰਘ ਦੀ ਵੀ ਪ੍ਰਧਾਨ ਮੰਤਰੀ ’ਤੇ ਟਿੱਪਣੀ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੰਜੈ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਸਵਦੇਸ਼ੀ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਨੂੰ ਲੈ ਕੇ ਵਿਅੰਗ ਕੀਤਾ। ਪ੍ਰਧਾਨ ਮੰਤਰੀ ਦੇ ਬਿਆਨ ’ਤੇ ਚੁਟਕੀ ਲੈਂਦਿਆਂ ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਭਰਾਵੋ ਅਤੇ ਭੈਣੋ, ਮੈਂ ਇੱਕ ਸਵਿਸ ਘੜੀ, ਇਤਾਲਵੀ ਐਨਕਾਂ, ਇੱਕ ਜਰਮਨ ਪੈੱਨ, ਇੱਕ ਅਮਰੀਕੀ ਫੋਨ, ਇੱਕ ਜਰਮਨ ਕਾਰ, ਇੱਕ ਵਿਦੇਸ਼ੀ ਹੈਲੀਕਾਪਟਰ ਅਤੇ ਇੱਕ ਵਿਦੇਸ਼ੀ ਜਹਾਜ਼ ਦੀ ਵਰਤੋਂ ਕਰਦਾ ਹਾਂ। ਮੈਂ ਇੱਕ ਵਿਦੇਸ਼ੀ ਬਣ ਗਿਆ ਹਾਂ, ਮੈਂ ਕਿਸੇ ਵੀ ਸਮੇਂ ਆਪਣਾ ਝੋਲਾ ਚੁੱਕ ਕੇ ਭੱਜ ਜਾਵਾਂਗਾ। ਤੁਹਾਨੂੰ ਸਵਦੇਸ਼ੀ ਬਣਨਾ ਚਾਹੀਦਾ ਹੈ।’’