DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਨੇ ਰੂਸ ਤੋਂ ਤੇਲ ਨਾ ਖ਼ਰੀਦਣ ਦਾ ਭਰੋਸਾ ਦਿੱਤਾ: ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਨਵਾਂ ਦਾਅਵਾ ਕੀਤਾ

  • fb
  • twitter
  • whatsapp
  • whatsapp
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਵਾਂ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ, ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇਗਾ। ਟਰੰਪ ਨੇ ਇਸ ਭਰੋਸੇ ਨੂੰ ਮਾਸਕੋ ’ਤੇ ਯੂਕਰੇਨ ਜੰਗ ਖ਼ਤਮ ਕਰਨ ਲਈ ਆਲਮੀ ਦਬਾਅ ਬਣਾਉਣ ਵਾਸਤੇ ਕੀਤੇ ਜਾ ਰਹੇ ਯਤਨਾਂ ਵਿਚ ‘ਵੱਡੀ ਪੇਸ਼ਕਦਮੀ’ ਦੱਸਿਆ ਹੈ। ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅਮਰੀਕਾ ਇਸ ਗੱਲ ਤੋਂ ਨਾਖੁਸ਼ ਸੀ ਕਿ ਭਾਰਤ, ਰੂਸ ਤੋਂ ਕੱਚਾ ਤੇਲ ਖ਼ਰੀਦ ਰਿਹਾ ਹੈ। ਇਸ ਨਾਲ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਜੰਗ ’ਚ ਵਿੱਤੀ ਸਹਾਇਤਾ ਮਿਲ ਰਹੀ ਹੈ। ਉਹ (ਮੋਦੀ) ਮੇਰੇ ਦੋਸਤ ਹਨ। ਸਾਡੇ ਵਿਚਕਾਰ ਬਹੁਤ ਵਧੀਆ ਸਬੰਧ ਹਨ। ਉਸ ਨੇ ਅੱਜ ਮੈਨੂੰ ਭਰੋਸਾ ਦਿੱਤਾ ਕਿ ਉਹ ਰੂਸ ਤੋਂ ਤੇਲ ਨਹੀਂ ਖ਼ਰੀਦਣਗੇ। ਇਹ ਵੱਡਾ ਕਦਮ ਹੈ। ਹੁਣ ਸਾਨੂੰ ਚੀਨ ਤੋਂ ਵੀ ਇਹੀ ਕੰਮ ਕਰਵਾਉਣਾ ਪਵੇਗਾ।’’

ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ‘ਮਹਾਨ ਵਿਅਕਤੀ’ ਦੱਸਦੇ ਹੋਏ ਕਿਹਾ, ‘‘ਉਹ ਟਰੰਪ ਨੂੰ ਪਿਆਰ ਕਰਦੇ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਿਆਰ ਸ਼ਬਦ ਨੂੰ ਕਿਸੇ ਹੋਰ ਤਰੀਕੇ ਨਾਲ ਲਓ। ਮੈਂ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ।’’ ਮੋਦੀ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਟਰੰਪ ਨੇ ਕਿਹਾ, ‘‘ਮੈਂ ਕਈ ਸਾਲਾਂ ਤੋਂ ਭਾਰਤ ਨੂੰ ਦੇਖ ਰਿਹਾ ਹਾਂ। ਇਹ ਸ਼ਾਨਦਾਰ ਦੇਸ਼ ਹੈ। ਮੇਰਾ ਦੋਸਤ ਹੁਣ ਲੰਬੇ ਸਮੇਂ ਤੋਂ ਉੱਥੇ ਹੈ ਅਤੇ ਉਸ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਰੂਸ ਤੋਂ ਹੁਣ ਕੋਈ ਤੇਲ ਨਹੀਂ ਖ਼ਰੀਦਿਆ ਜਾਵੇਗਾ।’’ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ ਅਤੇ ਰਵਾਇਤੀ ਤੌਰ ’ਤੇ ਆਪਣੀਆਂ ਤੇਲ ਲੋੜਾਂ ਲਈ ਉਹ ਮੱਧ ਪੂਰਬ ’ਤੇ ਨਿਰਭਰ ਕਰਦਾ ਹੈ ਪਰ ਭਾਰਤ ਨੇ ਫਰਵਰੀ 2022 ਦੇ ਯੂਕਰੇਨ ਹਮਲੇ ਤੋਂ ਬਾਅਦ ਰੂਸ ਤੋਂ ਆਪਣੀ ਤੇਲ ਦਰਾਮਦ ਵਿੱਚ ਕਾਫ਼ੀ ਵਾਧਾ ਕੀਤਾ ਹੈ। -ਪੀਟੀਆਈ

Advertisement

ਭਾਰਤ ਦੀ ਤੇਲ ਦਰਾਮਦ ਨੀਤੀ ਖਪਤਕਾਰ ਪੱਖੀ

ਨਵੀਂ ਦਿੱਲੀ: ਭਾਰਤ ਵੱਲੋਂ ਰੂਸ ਤੋਂ ਹੋਰ ਤੇਲ ਨਾ ਖ਼ਰੀਦਣ ਦਾ ਭਰੋੋਸਾ ਦੇਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵੇ ਮਗਰੋਂ ਵਿਦੇਸ਼ ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਭਾਰਤ ਨੇ ਆਲਮੀ ਊਰਜਾ ਬਾਜ਼ਾਰ ਵਿਚ ਆਉਂਦੇ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਹਮੇਸ਼ਾ ਆਪਣੇ ਖਪਤਰਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਸਥਿਰ ਊਰਜਾ ਕੀਮਤਾਂ ਅਤੇ ਸੁਰੱਖਿਅਤ ਸਪਲਾਈ ਯਕੀਨੀ ਬਣਾਉਣਾ ਊਰਜਾ ਨੀਤੀ ਦੇ ਦੋਹਰੇ ਟੀਚੇ ਰਹੇ ਹਨ। ਅਮਰੀਕਾ ਤੋਂ ਤੇਲ ਖ਼ਰੀਦਣ ਬਾਰੇ ਉਨ੍ਹਾਂ ਕਿਹਾ ਕਿ ਭਾਰਤ ਕਈ ਸਾਲਾਂ ਤੋਂ ਆਪਣੀ ਊਰਜਾ ਖ਼ਰੀਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਮੌਜੂਦਾ ਪ੍ਰਸ਼ਾਸਨ ਨੇ ਭਾਰਤ ਨਾਲ ਊਰਜਾ ਸਹਿਯੋਗ ਡੂੰਘਾ ਕਰਨ ਵਿੱਚ ਦਿਲਚਸਪੀ ਦਿਖਾਈ ਹੈ ਤੇ ਇਸ ਬਾਰੇ ਚਰਚਾਵਾਂ ਜਾਰੀ ਹਨ। -ਪੀਟੀਆਈ

Advertisement

ਭਾਰਤ-ਰੂਸ ਵਿਚਾਲੇ ਊਰਜਾ ਵਪਾਰ ਜਾਰੀ ਰਹਿਣ ਦਾ ਪੂਰਾ ਭਰੋਸਾ: ਨੋਵਾਕ

ਮਾਸਕੋ: ਰੂਸ ਦੇ ਉਪ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਨੋਵਾਕ ਨੇ ਕਿਹਾ ਕਿ ਰੂਸ ਨੂੰ ਭਰੋਸਾ ਹੈ ਕਿ ਭਾਰਤ ਨਾਲ ਊਰਜਾ ਸਹਿਯੋਗ ਜਾਰੀ ਰਹੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨ ਮਗਰੋਂ ਨੋਵਾਕ ਨੇ ਕਿਹਾ ਕਿ ਰੂਸ ਆਪਣੇ ਮਿੱਤਰ ਭਾਈਵਾਲਾਂ ਨਾਲ ਸਹਿਯੋਗ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਟਰੰਪ ਦੇ ਬਿਆਨ ਸਬੰਧੀ ਮੀਡੀਆ ਰਿਪੋਰਟਾਂ ਦੇਖੀਆਂ ਹਨ ਅਤੇ ਰੂਸ ਦੇ ਭਾਈਵਾਲ ਮੁਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਰਾਹ ਖੁਦ ਚੁਣਨਗੇ ਤੇ ਅਮਰੀਕਾ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾ ਸਕਦਾ। ਰੂਸੀ ਊਰਜਾ ਸਰੋਤਾਂ ਦੀ ਮੰਗ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਸਤੇ ਤੇ ਆਸਾਨੀ ਨਾਲ ਉਪਲਬਧ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਭਾਈਵਾਲ ਮੁਲਕ ਰਲ ਕੇ ਕੰਮ ਕਰਦੇ ਰਹਿਣਗੇ। -ਪੀਟੀਆਈ

Advertisement
×