ਇੱਥੇ ਸਰਕਾਰੀ ਪੀ ਜੀ ਕਾਲਜ ਵਿੱਚ ਐੱਨ ਡੀ ਆਰ ਐੱਫ ਟੀਮ ਵੱਲੋਂ ਭੂਚਾਲ ਤੇ ਹੋਰ ਕੁਦਰਤੀ ਆਫ਼ਤਾਂ ਨਾਲ ਨੱਜਿਠਣ ਦੀਆਂ ਤਿਆਰੀਆਂ ਨੂੰ ਲੈ ਕੇ ਮੌਕ ਡਰਿੱਲ ਕੀਤੀ। ਅਭਿਆਸ ਦਾ ਮੁੱਖ ਉਦੇਸ਼ ਆਪਦਾ ਦੇ ਸਮੇਂ ਅਪਣਾਏ ਜਾਣ ਵਾਲੇ ਉਪਾਅ ਤੇ ਬਚਾਅ ਕਾਰਜਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਸੀ।
ਇਸ ਦੌਰਾਨ ਐੱਨ ਡੀ ਆਰ ਐੱਫ ਟੀਮ ਨੇ ਆਪਦਾ ਦੀ ਸਥਿਤੀ ਪੈਦਾ ਕਰਕੇ ਵਿਖਾਇਆ ਕਿ ਅਚਾਨਕ ਝਟਕੇ ਮਹਿਸੂਸ ਹੋਣ ਉੱਤੇ ਡਰਾੱਪ, ਕਵਰ ਐਂਡ ਹੋਲਡ ਤਕਨੀਕ ਦਾ ਸਹੀ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ। ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਮਜ਼ਬੂਤ ਮੇਜ਼ ਜਾਂ ਡੈਸਕ ਦੇ ਹੇਠਾਂ ਜਾਕੇ ਸਿਰ ਅਤੇ ਗਰਦਨ ਦੀ ਸੁਰੱਖਿਆ ਕਰਨਾ ਸਭ ਤੋਂ ਜ਼ਰੂਰੀ ਕਦਮ ਹੁੰਦਾ ਹੈ। ਇਸ ਤੋਂ ਬਾਅਦ ਭਵਨ ‘ਚੋਂ ਬਾਹਰ ਨਿਕਲਣ ਵੇਲੇ ਪੌੜੀਆਂ ਦਾ ਸਾਵਧਾਨੀ ਨਾਲ ਪ੍ਰਯੋਗ ਕਰਨਾ ਤੇ ਖੁੱਲ੍ਹੇ ਸੁਰੱਖਿਅਤ ਸਥਾਨ ਵਿੱਚ ਖੜ੍ਹੇ ਰਹਿਣ ਦੇ ਆਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਆਪਦਾ ਤੋਂ ਬਾਅਦ ਕੀਤੇ ਜਾਣ ਵਾਲੇ ਰਾਹਤ ਤੇ ਬਚਾਓ ਕੰਮਾਂ ਦੀ ਪ੍ਰੀਕਿਰਿਆ ਦੀ ਜਾਣਕਾਰੀ ਲਈ ਲਾਈਵ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੀ ਟੀ ਐੱਮ ਮੋਨਿਕਾ ਰਾਣੀ ਵਿਸੇਸ ਤੌਰ ’ਤੇ ਪੁੱਜੇ। ਉਨ੍ਹਾਂ ਦੇ ਨਾਲ ਮਾਲ, ਸਿਹਤ, ਪੁਲੀਸ, ਦਮਕਲ ਵਿਭਾਗ, ਐੱਨ ਸੀ ਸੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਸਾਰੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਰਹੇ। ਇਸ ਮੌਕੇ ਮੋਨਿਕਾ ਰਾਣੀ ਨੇ ਸਾਰੇ ਵਿਭਾਗਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਜੋ ਸਿੱਖਲਾਈ ਮਿਲੀ ਹੈ, ਉਸ ਨੂੰ ਸਾਰੀਆਂ ਸਬੰਧਿਤ ਟੀਮਾਂ ਭਵਿੱਖ ਵਿੱਚ ਆਪਦਾ ਦੀ ਸਥਿਤੀ ਵਿੱਚ ਪ੍ਰਭਾਵੀ ਰੂਪ ਨਾਲ ਲਾਗੂ ਕਰਨਗੀਆਂ।

