ਸਕੂਲ ਵਿੱਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ
120 ਵਿਦਿਅਾਰਥਣਾਂ ਨੇ ਲਿਅਾ ਹਿੱਸਾ; ਵੰਸ਼ਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ
ਇਥੇ ਰੋਟਰੀ ਕਲੱਬ ਵੱਲੋਂ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਤੇ ਭਾਰਤੀ ਸਭਿਆਚਾਰ ਨਾਲ ਉਨ੍ਹਾਂ ਦੇ ਸਬੰਧ ਨੂੰ ਉਤਸ਼ਾਹਿਤ ਕਰਨਾ ਸੀ। ਮੁਕਾਬਲੇ ਵਿੱਚ ਛੇਵੀਂ ਤੋਂ 12ਵੀਂ ਜਮਾਤ ਦੀਆਂ ਲਗਪੱਗ 120 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਨੂੰ ਤਿੰਨ ਸਮੂਹਾਂ ਵਿੱਚ ਵੰਡਿਆ ਗਿਆ ਸੀ, ਜਿਸ ਵਿੱਚ ਪਹਿਲੇ ਸਮੂਹ ਵਿੱਚ 6ਵੀਂ ਤੋਂ 8ਵੀਂ, ਦੂਜੇ ਸਮੂਹ ਵਿੱਚ 9ਵੀਂ ਤੋਂ 10ਵੀਂ ਤੇ ਤੀਜੇ ਸਮੂਹ ’ਚ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਸਨ। ਪਹਿਲੇ ਸਮੂਹ ’ਚ ਵੰਸ਼ਿਕਾ ਨੇ ਪਹਿਲਾ, ਵੰਸ਼ਿਕਾ ਕਲਾਸ-8 ਏ ਨੇ ਦੂਜਾ, ਦੀਕਸ਼ਾ ਸਤਵੀਂ ਨੇ ਤੀਜਾ, ਗਰੁੱਪ ਦੋ ਵਿਚ ਨੀਕਿਤਾ ਨੇ ਪਹਿਲਾ, ਸਿਮਰਨ ਨੇ ਦੂਜਾ, ਸੋਨਕਾਸ਼ੀ ਨੇ ਤੀਜਾ, ਗਰੁੱਪ ਤਿੰਨ ਵਿੱਚ ਅੰਜਲੀ ਨੇ ਪਹਿਲਾ, ਉਰਵੀ ਨੇ ਦੂਜਾ, ਜੈਨਬ ਖਾਤੂਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਸੁਮਨ ਬਖਸ਼ੀ ਤੇ ਦੀਪਕਾ ਨੇ ਨਿਰਨਾਇਕ ਮੰਡਲ ਦੀ ਭੂਮਿਕਾ ਨਿਭਾਈ। ਰੋਟਰੀ ਪ੍ਰਧਾਨ ਡਾ. ਆਰ ਐਸ ਘੁੰਮਣ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥਣਾਂ ਦੀ ਸਿਰਜਣਾਤਾਮਕਤਾ ਨੂੰ ਵਧਾਉਂਦੇ ਹਨ ਤੇ ਉਨਾਂ ਨੂੰ ਸਭਿਅਚਾਰਕ ਕਦਰਾਂ ਕੀਮਤਾਂ ਨਾਲ ਜੋੜਦੇ ਹਨ। ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਪ੍ਰੋਮਿਲਾ ਢੀਂਡਸਾ ਨੇ ਕਿਹਾ ਕਿ ਰੋਟਰੀ ਕਲੱਬ ਸਿੱਖਿਆ ਤੇ ਕਲਾ ਦੇ ਖੇਤਰ ਵਿੱਚ ਸਮਾਜ ਵਿੱਚ ਸ਼ਾਨਦਾਰ ਯੋਗਦਾਨ ਪਾ ਰਿਹਾ ਹੈ ਅਜਿਹੇ ਸਮਾਗਮ ਵਿਦਿਆਰਥਣਾਂ ਦੇ ਆਤਮ ਵਿਸ਼ਵਾਸ਼ ਤੇ ਸਿਜਰਣਾਤਮਕ ਸੋਚ ਨੂੰ ਵਧਾਉਂਦੇ ਹਨ। ਪ੍ਰਾਜੈਕਟ ਚੇਅਰਮੈਨ ਸਮੀਰ ਸੇਠੀ ਨੇ ਕਿਹਾ ਕਿ ਰੋਟਰੀ ਸਮੇਂ ਸਮੇਂ ਤੇ ਅਜਿਹੇ ਮੁਕਾਬਲੇ ਕਰਾਉਂਦਾ ਰਹਿੰਦਾ ਹੈ, ਜਿਸ ਵਿੱਚ ਵਿਦਿਆਰਥੀਆਂ ਵਿੱਚ ਕਲਾ ਪ੍ਰਤੀ ਪ੍ਰਤਿਭਾ ਤੇ ਜਾਗਰੂਕਤਾ ਵੱਧਦੀ ਹੈ। ਇਸ ਮੌਕੇ ਰੋਟਰੀ ਸਕੱਤਰ ਵਿਕਰਮ ਗੁਪਤਾ, ਦੀਪਕ ਕਕੱੜ, ਸਕੂਲ ਕੋਆਰਡੀਨੇਟਰ ਮਨਿੰਦਰ ਸਿੰਘ ਘੁੰਮਣ, ਮੋਨਿਕਾ ਘੁੰਮਣ, ਵਾਈਸ ਪ੍ਰਿੰਸੀਪਲ ਸਤਬੀਰ ਸਿੰਘ ਸਕੂਲ ਪ੍ਰਬੰਧਕ ਮਨੋਜ ਭਸੀਨ, ਮਧੂ ਗੁਪਤਾ, ਕਵਿਤਾ ਸੇਠੀ ਆਦਿ ਤੋਂ ਇਲਾਵਾ ਸਕੂਲ ਸਟਾਫ ਮੌਜੂਦ ਸੀ।