ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਮੈਗਾ ਨੌਕਰੀ ਮੇਲਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਜੂਨ
ਇੱਥੇ ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਜਨਮ ਦਿਨ ਦੇ ਮੌਕੇ ’ਤੇ ਸੂਬਾ ਕਾਂਗਰਸ ਅਤੇ ਭਾਰਤੀ ਯੁਵਾ ਕਾਂਗਰਸ ਵੱਲੋਂ ਤਾਲਕਟੋਰਾ ਸਟੇਡੀਅਮ ਵਿੱਚ ਮੈਗਾ ਨੌਕਰੀ ਮੇਲਾ ਲਗਾਇਆ ਗਿਆ। ਇਸ ਦੌਰਾਨ 20 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਰਜਿਸਟ੍ਰੇਸ਼ਨ ਕਰਵਾਈ। ਇਨ੍ਹਾਂ ਵਿੱਚ 12ਵੀਂ ਪਾਸ ਤੋਂ ਲੈ ਕੇ ਪੀਐੱਚ ਡੀ ਤੱਕ ਦੇ ਨੌਜਵਾਨ ਸ਼ਾਮਲ ਹਨ।
ਸੂਬਾ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਇਹ ਮੇਲਾ ਸਿਰਫ਼ ਨੌਕਰੀਆਂ ਲਈ ਇੱਕ ਪਲੇਟਫਾਰਮ ਨਹੀਂ ਹੈ, ਸਗੋਂ ਰਾਹੁਲ ਗਾਂਧੀ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੈ, ਜਿਸ ਵਿੱਚ ਉਹ ਦਲਿਤਾਂ, ਪਛੜੇ ਵਰਗਾਂ, ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਨ। ਮੇਲੇ ਵਿੱਚ ਬਸਤੀਆਂ, ਮੁਹੱਲਿਆਂ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਕਈ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀ ਕਰਨ ਦੇ ‘ਆਫਰ ਲੈਟਰ’ ਦਿੱਤੇ ਗਏ। ਕਈਆਂ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਗਏ।
ਇਸ ਦੌਰਾਨ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿਬ ਨੇ ਕਿਹਾ ਕਿ 11 ਸਾਲਾਂ ਵਿੱਚ ਭਾਜਪਾ ਸਰਕਾਰ ਦੀਆਂ ਅਸਫਲ ਨੀਤੀਆਂ ਨੇ ਬੇਰੁਜ਼ਗਾਰੀ ਨੂੰ ਸਿਖਰ ‘ਤੇ ਪਹੁੰਚਾ ਦਿੱਤਾ ਹੈ। ਰਾਹੁਲ ਗਾਂਧੀ ਨੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕਰਨ ਦਾ ਕੰਮ ਕੀਤਾ ਹੈ। ਸੂਬਾ ਯੂਥ ਕਾਂਗਰਸ ਦੇ ਪ੍ਰਧਾਨ ਅਕਸ਼ੈ ਲਾਕੜਾ ਨੇ ਕਿਹਾ ਕਿ ਇਹ ਮੇਲਾ ਇੱਕ ਸੁਨੇਹਾ ਹੈ, ਜਿੱਥੇ ਸਰਕਾਰਾਂ ਬੇਰੁਜ਼ਗਾਰੀ ’ਤੇ ਚੁੱਪ ਹਨ, ਉਥੇ ਕਾਂਗਰਸ ਨੌਜਵਾਨਾਂ ਦੇ ਨਾਲ ਖੜ੍ਹੀ ਹੈ। ਕਾਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਅਤੇ ‘ਨਿਆਏ ਯਾਤਰਾ’ ਨੇ ਦੇਸ਼ ਦੇ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਹ ਮੇਲਾ ਉਸੇ ਦਾ ਵਿਸਥਾਰ ਹੈ। ਅਪਰੈਲ ਵਿੱਚ ਰਾਜਸਥਾਨ ਵਿੱਚ ਆਯੋਜਿਤ ਮੇਲੇ ਵਿੱਚ 3500 ਨੌਜਵਾਨਾਂ ਨੂੰ ਰਜਿਸਟਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 1400 ਨੂੰ ਨੌਕਰੀਆਂ ਮਿਲੀਆਂ ਸਨ। ਇਸੇ ਸਫ਼ਲਤਾ ਨੂੰ ਦੁਹਰਾਉਣ ਲਈ, 100 ਤੋਂ ਵੱਧ ਕੰਪਨੀਆਂ ਨੂੰ ਦਿੱਲੀ ਬੁਲਾਇਆ ਗਿਆ ਜਿਨ੍ਹਾਂ ਨੇ ਨੌਜਵਾਨਾਂ ਦੀ ਇੰਟਰਵਿਊ ਲਈ ਅਤੇ ਪੱਤਰ ਦਿੱਤੇ।