ਐੱਮ ਸੀ ਡੀ ਚੋਣ: ਮੁੱਖ ਮੰਤਰੀ ਵੱਲੋਂ ਭਾਜਪਾ ਉਮੀਦਵਾਰ ਦੇ ਹੱਕ ’ਚ ਰੋਡ ਸ਼ੋਅ
‘ਆਪ’ ਉਮੀਦਵਾਰਾਂ ਨੇ ਵੀ ਭਰੀਆਂ ਨਾਮਜ਼ਦਗੀਆਂ; ਪੱਤਰਾਂ ਦੀ ਜਾਂਚ ਭਲਕੇ; ਵੋਟਾਂ 30 ਨੂੰ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਜ਼ਿਮਨੀ ਚੋਣ ਵਿੱਚ ਸ਼ਾਲੀਮਾਰ ਬਾਗ ਬੀ ਵਾਰਡ ਤੋਂ ਭਾਜਪਾ ਦੀ ਉਮੀਦਵਾਰ ਅਨੀਤਾ ਜੈਨ ਦੀ ਨਾਮਜ਼ਦਗੀ ਤੋਂ ਪਹਿਲਾਂ ਰੋਡ ਸ਼ੋਅ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ 30 ਨਵੰਬਰ ਨੂੰ ਜਿਨ੍ਹਾਂ 12 ਵਾਰਡਾਂ ਵਿੱਚ ਜ਼ਿਮੀਨੀ ਚੋਣਾਂ ਹੋ ਰਹੀਆਂ ਹਨ, ਉੱਥੇ ਭਾਜਪਾ ਉਮੀਦਵਾਰਾਂ ਦੀ ਜਿੱਤ ਲਾਜ਼ਮੀ ਹੈ। ਵਿਧਾਇਕ ਬਣਨ ਤੋਂ ਪਹਿਲਾਂ ਰੇਖਾ ਗੁਪਤਾ ਸ਼ਾਲੀਮਾਰ ਬਾਗ ਬੀ ਵਾਰਡ ਦੀ ਨੁਮਾਇੰਦਗੀ ਕਰਦੀ ਸੀ। ਉਹ ਇਸ ਸਾਲ ਫਰਵਰੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਮਗਰੋਂ ਦਿੱਲੀ ਦੀ ਮੁੱਖ ਮੰਤਰੀ ਬਣੀ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੀਆਂ ਪਿਛਲੀਆਂ ਸਰਕਾਰਾਂ ਰਾਜਨੀਤੀ ਵਿੱਚ ਸ਼ਾਮਲ ਸਨ, ਜਿਸ ਕਾਰਨ ਨਗਰ ਨਿਗਮ ਵਾਰਡਾਂ ਦਾ ਵਿਕਾਸ ਪੱਛੜ ਗਿਆ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦਾ ਹਰ ਵਾਰਡ ਸਾਫ਼ ਹੋਵੇ। ਅਸੀਂ ਲੋਕਾਂ ਦੇ ਆਸ਼ੀਰਵਾਦ ਅਤੇ ਪਿਆਰ ਦੇ ਨਾਲ-ਨਾਲ ਜਨਤਕ ਸੇਵਾ ਦੇ ਟੀਚੇ ਨਾਲ ਸਾਰੇ 12 ਵਾਰਡਾਂ ਵਿੱਚ ਚੋਣਾਂ ਲੜਾਂਗੇ।’’ ਭਾਜਪਾ ਸਾਰੇ 12 ਐੱਮ ਸੀ ਡੀ ਵਾਰਡਾਂ ਵਿੱਚ ਚੋਣ ਲੜ ਰਹੀ ਹੈ ਅਤੇ ਅੱਠ ਮਹਿਲਾ ਉਮੀਦਵਾਰ ਖੜ੍ਹੇ ਕੀਤੇ ਹਨ। 30 ਨਵੰਬਰ ਨੂੰ ਜਿਨ੍ਹਾਂ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚੋਂ ਨੌਂ ’ਤੇ ਪਹਿਲਾਂ ਪਾਰਟੀ ਦਾ ਕਬਜ਼ਾ ਸੀ। ਭਾਜਪਾ ਦੇ ਹੋਰ ਉਮੀਦਵਾਰਾਂ ਨੇ ਵੀ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਪਹਿਲਾਂ ਸੀਨੀਅਰ ਪਾਰਟੀ ਆਗੂਆਂ ਨਾਲ ਰੈਲੀ ਕੱਢੀ, ਜਿਨ੍ਹਾਂ ਵਿੱਚ ਸੰਸਦ ਮੈਂਬਰ, ਵਿਧਾਇਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਸ਼ਾਮਲ ਸਨ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 10 ਨਵੰਬਰ ਹੈ। ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਨੇ ਵੀ ਸਾਰੀਆਂ 12 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਨਾਰਾਇਣਾ ਵਾਰਡ ਤੋਂ ‘ਆਪ’ ਉਮੀਦਵਾਰ ਰਾਜਨ ਅਰੋੜਾ, ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਅਰੋੜਾ ਨੇ ਇਸ ਦੌਰਾਨ ਇਲਾਕੇ ਦੀਆਂ ਸੜਕਾਂ, ਪਾਰਕਾਂ ਅਤੇ ਨਾਲੀਆਂ ਦੀ ਸਥਿਤੀ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੋਸ਼ ਲਾਇਆ, ‘‘ਸਥਾਨਕ ਵਿਧਾਇਕ ਲੋਕਾਂ ਨੂੰ ਨਹੀਂ ਮਿਲਦੇ। ਜੇਕਰ ਉਹ ਮੁੱਦੇ ਉਠਾਉਂਦੇ ਹਨ ਤਾਂ ਸਥਾਨਕ ਲੋਕਾਂ ਨੂੰ ਧਮਕਾਇਆ ਜਾਂਦਾ ਹੈ।’’ ਸੰਗਮ ਵਿਹਾਰ ਏ ਵਾਰਡ ਤੋਂ ‘ਆਪ’ ਦੀ ਟਿਕਟ ’ਤੇ ਚੋਣ ਲੜ ਰਹੇ ਅਨੁਜ ਸ਼ਰਮਾ ਨੇ ਉਨ੍ਹਾਂ ਨੂੰ ਉਮੀਦਾਵਾਰ ਚੁਣਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ। ਸ਼ਰਮਾ ਨੇ ਕਿਹਾ, ‘‘ਅਸੀਂ ਇਹ ਸੀਟ ਜ਼ਰੂਰ ਜਿੱਤਾਂਗੇ। ਭਾਜਪਾ ਸਾਡੀ ਮੁੱਖ ਵਿਰੋਧੀ ਹੈ।’’ ਸ਼ਰਮਾ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਸਾਬਕਾ ਵਿਧਾਇਕ ਪ੍ਰਕਾਸ਼ ਜਰਵਾਲ ਉਨ੍ਹਾਂ ਨਾਲ ਸਨ। ਸਾਬਕਾ ਵਿਧਾਇਕ ਪ੍ਰਕਾਸ਼ ਜਰਵਾਲ ਸ਼ਰਮਾ ਦੇ ਨਾਲ ਸਨ ਜਦੋਂ ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਐੱਮ ਸੀ ਡੀ ਦੇ 12 ਵਾਰਡਾਂ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਨਾਮਜ਼ਦਗੀਆਂ ਦੀ ਜਾਂਚ 12 ਨਵੰਬਰ ਨੂੰ ਹੋਵੇਗੀ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਤਰੀਕ 15 ਨਵੰਬਰ ਹੈ।
‘ਆਪ’ ਨੇ ਭਾਜਪਾ ’ਤੇ ਵਾਅਦਿਆਂ ਦੀ ਸਿਆਸਤ ਦਾ ਦੋਸ਼ ਲਾਇਆ਼
ਦਿੱਲੀ ਨਗਰ ਨਿਗਮ (ਐੱਮ ਸੀ ਡੀ) ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪ੍ਰਕਿਰਿਆ ਦੇ ਆਖ਼ਰੀ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਨੇ 30 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਆਪਣੀ ਜਿੱਤ ਦਾ ਦਾਅਵਾ ਕੀਤਾ। ਨਾਰਾਇਣਾ ਵਾਰਡ ਤੋਂ ‘ਆਪ’ ਉਮੀਦਵਾਰ ਰਾਜਨ ਅਰੋੜਾ, ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਨਾਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਮੰਦਰ ਦਾ ਦੌਰਾ ਕੀਤਾ। ਅਰੋੜਾ ਨੇ ਪੀ ਟੀ ਆਈ ਵੀਡੀਓ ਨੂੰ ਦੱਸਿਆ, ‘‘ਜੇ ਈਸ਼ਵਰ ਨੇ ਚਾਹਿਆ ਤਾਂ ਅਸੀਂ ਚੋਣ ਜਿੱਤਾਂਗੇ। ਭਾਜਪਾ ਵਾਅਦਿਆਂ ਦੀ ਰਾਜਨੀਤੀ ਕਰਦੀ ਹੈ। ਸਾਡਾ ਕੰਮ ਖੁਦ ਬੋਲਦਾ ਹੈ। ਲੋਕ ਭਾਜਪਾ ਤੋਂ ਬਹੁਤ ਨਾਰਾਜ਼ ਹਨ। ਪਿਛਲੇ ਤਿੰਨ ਸਾਲਾਂ ਤੋਂ ਭਾਜਪਾ ਦੇ ਕੌਂਸਲਰ ਉੱਥੇ ਸਨ, ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ। ਉਹ ਵੋਟਾਂ ਕਿਸ ਮੂੰਹ ਨਾਲ ਮੰਗਣਗੇ?’’

