ਬਾਬੈਨ ਵਿੱਚ ਵਿਸ਼ਾਲ ਦੰਗਲ ਕਰਵਾਇਆ
ਹਰਿਆਣਾ, ਪੰਜਾਬ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਪਹਿਲਵਾਨਾਂ ਵੱਲੋਂ ਆਪਣੀ ਤਾਕਤ ਦਾ ਪ੍ਰਦਰਸ਼ਨ
ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਕੁਸ਼ਤੀ ਦੀ ਰਵਾਇਤੀ ਕਲਾ ਨੂੰ ਜ਼ਿੰਦਾ ਰਖੱਣ ਲਈ ਪਹਿਲਵਾਨ ਸ਼ਿਆਮ ਸੁੰਦਰ ਦਾਸ ਦਸਿਹਰੇ ਮੌਕੇ ਬਾਬੈਨ ਵਿੱਚ ਇਕ ਵਿਸ਼ਾਲ ਕੁਸ਼ਤੀ ਮੁਕਾਬਲਾ ਕਰਾਇਆ, ਜਿਸ ਵਿੱਚ ਸੂਬੇ ਅਤੇ ਹੋਰ ਬਾਹਰੀ ਖੇਤਰਾਂ ਤੋਂ ਉੱਭਰਦੇ ਨੌਜਵਾਨ ਪਹਿਲਵਾਨਾਂ ਨੇ ਕੁਸ਼ਤੀ ਰਾਹੀਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਹਰਿਆਣਾ, ਦਿੱਲੀ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਪਹਿਲਵਾਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।
ਕੁਸ਼ਤੀ ਮੁਕਾਬਲਿਆਂ ਦੇ ਉਦਘਾਟਨ ਸਮਾਜ ਸੇਵੀ ਸਾਹਿਬ ਸਿੰਘ ਠਾਕਰ ਖਰੀਂਡਵਾ ਨੇ ਬਤੌਰ ਮੁੱਖ ਮਹਿਮਾਨ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਸੰਦੀਪ ਸਰੋਹਾ ਰਾਮ ਸਰਨ ਮਾਜਰਾ ਨੇ ਕੀਤੀ। ਸ਼ਾਹਬਾਦ ਦੇ ਵਿਧਾਇਕ ਰਾਮ ਕਰਨ ਕਾਲਾ ਨੇ ਵਿਸ਼ੇਸ਼ ਤੌਰ ’ਤੇ ਪਹਿਲਵਾਨਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਮੁੱਖ ਮਹਿਮਾਨ ਸਾਹਿਬ ਸਿੰਘ ਨੇ ਕਿਹਾ ਕਿ ਕੁਸ਼ਤੀ ਸਿਰਫ ਇਕ ਖੇਡ ਹੀ ਨਹੀਂ, ਸਗੋਂ ਸਾਡੇ ਸਭਿਆਚਾਰ ਅਤੇ ਪਰੰਪਰਾ ਦਾ ਇਕ ਅਣਿੱਖੜਵਾਂ ਅੰਗ ਹੈ। ਇਹ ਨੋਜਵਾਨਾਂ ਵਿੱਚ ਅਨੁਸ਼ਾਸ਼ਨ, ਸਖ਼ਤ ਮਿਹਨਤ ਭਾਈਚਾਰੇ ਅਤੇ ਨਸ਼ਾ ਮੁਕਤ ਜੀਵਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸ਼ਿਆਮ ਸੁੰਦਰ ਪਿੰਡਾਂ ਵਿੱਚ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਦੀ ਪਰੰਪਰਾਂ ਨੂੰ ਜ਼ਿੰਦਾ ਰਖੱਣ ਲਈ ਯਤਨਸ਼ੀਲ ਹਨ ਤੇ ਇਸ ਸਬੰਧੀ ਇਲਾਕੇ ਦੇ ਭਾਈਚਾਰੇ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਸਮਾਜ ਸੇਵੀ ਸੰਦੀਪ ਸਰੋਹਾ ਰਾਮ ਸਰਨ ਮਾਜਰਾ ਨੇ ਸ਼ਿਆਮ ਸੁੰਦਰ ਪਹਿਵਲਾਨ ਨੂੰ ਇਸ ਸਮਾਗਮ ਲਈ ਵਧਾਈ ਦਿੱਤੀ। ਉਨ੍ਹਾਂ ਵਿਸ਼ਵਾਸ਼ ਪ੍ਰਗਟ ਕੀਤਾ ਕਿ ਉਹ ਭਵਿੱਖ ਵਿੱਚ ਵੀ ਅਜੇਹੇ ਕੁਸ਼ਤੀ ਮੁਕਾਬਲੇ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਹੋਰ ਅਜੇਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਇਹ ਖੇਡ ਸਮਾਗਮ ਨਾ ਸਿਰਫ਼ ਨੌਜਵਾਨਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ, ਬਲਕਿ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਵੀ ਬਚਾਉਂਦੇ ਹਨ।
ਇਸ ਕੁਸ਼ਤੀ ਮੁਕਾਬਲੇ (ਦੰਗਲ) ਦੇ ਪ੍ਰਬੰਧਕ ਸ਼ਿਆਮ ਸੁੰਦਰ ਪਹਿਲਵਾਨ ਨੇ ਦੱਸਿਆ ਕਿ ਦੰਗਲ ਕਰਵਾਉਣ ਪਿੱਛੇ ਉਨ੍ਹਾਂ ਦਾ ਟੀਚਾ ਪੇਂਡੂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਂਆਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਭਵਿੱਖ ਵਿੱਚ ਹੋਰ ਵੱਡੇ ਦੰਗਲ ਮੁਕਾਬਲੇ ਕਰਵਾਉਣ ਦਾ ਭਰੋਸਾ ਦਿੱਤਾ।