ਸ਼ਹਾਦਤ ਨੂੰ ਸਿਰਫ਼ ‘ਹਿੰਦ ਦੀ ਚਾਦਰ’ ਤੱਕ ਸੀਮਤ ਨਾ ਕੀਤਾ ਜਾਵੇ: ਹਰਪਾਲ ਸੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ’ਚ ਸੈਮੀਨਾਰ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਲੜੀ ਅਧੀਨ ਪੰਜਾਬੀ ਵਿਭਾਗ ਅਤੇ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਜੀਵਨ: ਵਿਆਖਿਆ ਅਤੇ ਇਤਿਹਾਸਕਾਰੀ’ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਸ਼ੁਰੂ ਹੋਇਆ। ਉਦਘਾਟਨ ਮੌਕੇ ਮੁੱਖ ਵਕਤਾ ਸਾਬਕਾ ਪ੍ਰੋਫੈਸਰ ਬਲਵੰਤ ਸਿੰਘ ਢਿੱਲੋਂ ਨੇ ਫ਼ਾਰਸੀ, ਅੰਗਰੇਜ਼ੀ ਅਤੇ ਹੋਰ ਲਿਖਤਾਂ ਵਿੱਚ ਗੁਰੂ ਸਾਹਿਬ ਬਾਰੇ ਗਲਤ ਫ਼ਹਿਮੀਆਂ ਦੀ ਚਰਚਾ ਕਰਦਿਆਂ ਰਤਨ ਸਿੰਘ ਭੰਗੂ ਦੀਆਂ ਲਿਖਤਾਂ ਅਤੇ ਗੁਰੂ ਸਾਹਿਬਾਨ ਦੇ ਹੁਕਮਨਾਮਿਆਂ ਦੀ ਇਤਿਹਾਸਕ ਮਹੱਤਤਾ ਉਜਾਗਰ ਕੀਤੀ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦੀ ਬੇਮਿਸਾਲ ਸ਼ਹਾਦਤ ਨੂੰ ਕੇਵਲ ‘ਹਿੰਦ ਦੀ ਚਾਦਰ’ ਤੱਕ ਸੀਮਿਤ ਨਾ ਕਰਨ ਦੀ ਸਲਾਹ ਦਿੱਤੀ। ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਡੀਨ ਅਕਾਦਮਿਕ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਸ਼ਹੀਦੀ ਪੁਰਬ ਨੂੰ ਸਮਰਪਿਤ ਗਤੀਵਿਧੀਆਂ ਬਾਰੇ ਦਸਿਆ। ਪੰਜਾਬੀ ਵਿਭਾਗ ਦੇ ਮੁੱਖੀ ਡਾ. ਸਿਕੰਦਰ ਸਿੰਘ ਨੇ ਸਵਾਗਤ ਕੀਤਾ ਜਦੋ ਕਿ ਮੰਚ ਸੰਚਾਲਨ ਡਾ. ਹਰਪ੍ਰੀਤ ਕੌਰ ਨੇ ਕੀਤਾ। ਸੈਮੀਨਾਰ ਦਾ ਪਹਿਲਾ ਅਕਾਦਮਿਕ ਸੈਸ਼ਨ ਪ੍ਰੋ. ਹਰਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਡਾ. ਸੋਮੀ ਰਾਮ, ਡਾ. ਅੰਕਦੀਪ ਕੌਰ ਅਟਵਾਲ ਅਤੇ ਹਰਪ੍ਰੀਤ ਸਿੰਘ ਨੇ ਆਪਣੀਆਂ ਖੋਜ ਪ੍ਰਸਤੁਤੀਆਂ ਪੇਸ਼ ਕੀਤੀਆਂ। ਸੈਸ਼ਨ ਵਿੱਚ ਰਜਿਸਟਰਾਰ ਪ੍ਰੋ (ਡਾ.) ਤੇਜਬੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੰਚਾਲਨ ਡਾ. ਪਲਵਿੰਦਰ ਕੌਰ ਨੇ ਕੀਤਾ। ਦੂਜਾ ਸੈਸ਼ਨ ਪ੍ਰੋ. ਪਰਮਵੀਰ ਸਿੰਘ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਡਾ. ਸੇਵਕ ਸਿੰਘ, ਸਿੱਖ ਚਿੰਤਕ, ਡਾ. ਹਰਪ੍ਰੀਤ ਕੌਰ ਅਤੇ ਡਾ. ਰਮਨਦੀਪ ਕੌਰ ਨੇ ਆਪਣੇ ਖੋਜ ਪਰਚੇ ਪੜ੍ਹੇ, ਇਸ ਵਿਚ ਡੀਨ ਰਿਸਰਚ ਪ੍ਰੋ. (ਡਾ.) ਨਵਦੀਪ ਕੌਰ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ, ਮੰਚ ਸੰਚਾਲਨ ਡਾ. ਸੰਦੀਪ ਕੌਰ ਨੇ ਕੀਤਾ।

