Manisha Murder Case: ਲਾਪਤਾ ਅਧਿਆਪਕਾ ਦੀ ਸਿਰ-ਵੱਢੀ ਲਾਸ਼ ਮਿਲਣ ਪਿੱਛੋਂ ਲੋਕਾਂ ’ਚ ਰੋਹ, ਕਈ ਥਾਈਂ ਰੋਸ ਮੁਜ਼ਾਹਰੇ
Teacher Manisha Murder Case: 19 ਸਾਲਾ ਅਧਿਆਪਕਾ ਮਨੀਸ਼ਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਤੇ ਉਸ ਦੀ ਸਿਰ-ਕਟੀ ਲਾਸ਼ ਮਿਲਣ ਤੋਂ ਬਾਅਦ ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ਦੇ ਇਸ ਕਸਬੇ ਤੇ ਨੇੜਲੇ ਇਲਾਕਿਆਂ ਵਿਚ ਲੋਕਾਂ ’ਚ ਭਾਰੀ ਰੋਸ ਤੇ ਗੁੱਸਾ ਫੈਲ ਗਿਆ ਹੈ। ਲੋਕਾਂ ਨੇ ਮਨੀਸ਼ਾ ਨੂੰ ਇਨਸਾਫ਼ ਦਿਵਾਉਣ ਲਈ ਕਈ ਥਾਵਾਂ 'ਤੇ ਮੋਮਬੱਤੀ ਮਾਰਚ ਕੱਢੇ। ਦੂਜੇ ਪਾਸੇ, ਸਿੰਘਾਨੀ ਪਿੰਡ ਦੇ ਲੋਕਾਂ ਨੇ ਸ਼ਨਿੱਚਰਵਾਰ ਸਵੇਰ ਤੋਂ ਹੀ ਬਾਜ਼ਾਰ ਬੰਦ ਕਰ ਕੇ ਰੋਸ ਮਾਰਚ ਕੱਢਿਆ ਅਤੇ ਉਹ ਢੀਗਾਵਾ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚੇ।
ਲੋਹਾਰੂ, ਢੀਗਾਵਾ, ਬਹਿਲ, ਈਸ਼ਵਰਵਾਲ ਆਦਿ ਸ਼ਹਿਰਾਂ ਵਿੱਚ ਦੁਕਾਨਦਾਰ ਵੀ ਅੱਜ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖ ਕੇ ਮਨੀਸ਼ਾ ਨੂੰ ਇਨਸਾਫ਼ ਦਿਵਾਉਣ ਲਈ ਅੰਦੋਲਨ ਵਿੱਚ ਸ਼ਾਮਲ ਹੋ ਗਏ। ਕਈ ਮਹਿਲਾ ਜਥੇਬੰਦੀਆਂ ਢੀਗਾਵਾ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚ ਹਿੱਸਾ ਲੈ ਰਹੀਆਂ ਹਨ।
ਇਸ ਦੌਰਾਨ ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਕਾਰਵਾਈ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜ਼ਿਲ੍ਹੇ ਦੇ ਐਸਪੀ ਮਨਬੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਸੁਮਿਤ ਕੁਮਾਰ ਨੂੰ ਨਵਾਂ ਐਸਪੀ ਨਿਯੁਕਤ ਕੀਤਾ ਹੈ।
ਦੂਜੇ ਪਾਸੇ, ਲੋਹਾਰੂ ਪੁਲੀਸ ਸਟੇਸ਼ਨ ਦੇ ਐਸਐਚਓ ਅਸ਼ੋਕ, ਲੇਡੀ ਏਐਸਆਈ ਸ਼ਕੁੰਤਲਾ, ਐਮਰਜੈਂਸੀ ਰਿਸਪਾਂਸ ਵਹੀਕਲ ਦੇ ਈਐਸਆਈ ਅਨੂਪ, ਕਾਂਸਟੇਬਲ ਪਵਨ ਅਤੇ ਐਸਪੀਓ ਧਰਮਿੰਦਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 11 ਅਗਸਤ ਨੂੰ ਅਧਿਆਪਕਾ ਮਨੀਸ਼ਾ ਆਪਣੇ ਪਲੇਅ ਸਕੂਲ ਵਿੱਚ ਪੜ੍ਹਾਉਣ ਤੋਂ ਬਾਅਦ ਸਿੰਘਾਨੀ ਪਿੰਡ ਦੇ ਇੱਕ ਨਰਸਿੰਗ ਕਾਲਜ ਵਿੱਚ ਦਾਖਲੇ ਲਈ ਗਈ ਸੀ। ਸੀਸੀਟੀਵੀ ਫੁਟੇਜ ਵਿੱਚ ਮਨੀਸ਼ਾ ਨੂੰ ਦੁਪਹਿਰ 2 ਵਜੇ ਦੇ ਕਰੀਬ ਉੱਥੇ ਜਾਂਦੇ ਹੋਏ ਦੇਖਿਆ ਗਿਆ, ਪਰ ਨਰਸਿੰਗ ਕਾਲਜ ਜਾਣ ਤੋਂ ਬਾਅਦ, ਉਸ ਦਾ ਕੋਈ ਪਤਾ ਨਹੀਂ ਲੱਗਿਆ।
ਸ਼ਾਮ ਛੇ ਵਜੇ, ਉਸ ਨੇ ਆਪਣੇ ਭਰਾ ਨੂੰ ਫ਼ੋਨ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਤੁਰੰਤ ਕੱਟ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ।
ਦੋ ਦਿਨ ਬਾਅਦ ਉਸ ਦੀ ਸਿਰ ਕੱਟੀ ਹੋਈ ਲਾਸ਼ ਇਸ ਨਰਸਿੰਗ ਕਾਲਜ ਤੋਂ ਥੋੜ੍ਹੀ ਦੂਰ ਇੱਕ ਨਹਿਰ ਦੇ ਨੇੜੇ ਇੱਕ ਖੇਤ ਵਿੱਚ ਪਈ ਮਿਲੀ। ਲਾਸ਼ ਦੇਖ ਕੇ ਲੋਕਾਂ ਦੀ ਰੂਹ ਕੰਬ ਗਈ। ਸ਼ੱਕ ਹੈ ਕਿ ਸਮੂਹਿਕ ਜਬਰ-ਜਨਾਹ ਤੋਂ ਬਾਅਦ ਦਰਿੰਦਿਆਂ ਨੇ ਉਸ ਦੀ ਗਰਦਨ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕੱਟ ਦਿੱਤਾ। ਚਿਹਰਾ ਬੁਰੀ ਤਰ੍ਹਾਂ ਦਰੜ ਦਿੱਤਾ, ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ।
ਜਿਵੇਂ ਅਜਿਹੇ ਮਾਮਲਿਆਂ ਵਿਚ ਅਕਸਰ ਪੁਲੀਸ ਦਾ ਰਵੱਈਆ ਹੁੰਦਾ ਹੈ, ਲਾਪਤਾ ਹੋਣ ਦੇ ਪਹਿਲੇ ਦਿਨ 11 ਅਗਸਤ ਨੂੰ ਪੁਲੀਸ ਨੇ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਧੀ ਦੇ ਚਰਿੱਤਰ ਉਤੇ ਹੀ ਸਵਾਲ ਉਠਾਏ। ਲੋਕਾਂ ਦਾ ਕਹਿਣਾ ਹੈ ਕਿ ਜੇ ਪੁਲੀਸ 11 ਅਗਸਤ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਤਾਂ ਮਨੀਸ਼ਾ ਦੀ ਜਾਨ ਬਚ ਸਕਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਮਨੀਸ਼ਾ ਦੀ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।