Man bites nose of the person: ਝਗੜੇ ਦੌਰਾਨ ਬੁਰਕ ਮਾਰ ਕੇ ਵਿਅਕਤੀ ਦਾ ਨੱਕ ਵੱਢਿਆ, ਪੀੜਤ ਪੀਜੀਆਈ ’ਚ ਦਾਖ਼ਲ
Man bites nose of the person during quarrel in Ambala; Victim admitted to PGI Chandigarh
ਰਤਨ ਸਿੰਘ ਢਿੱਲੋਂ
ਅੰਬਾਲਾ, 4 ਨਵੰਬਰ
ਬਲਦੇਵ ਨਗਰ ਪੁਲੀਸ ਨੇ ਧੀਰਜ ਕੁਮਾਰ (40) ਵਾਸੀ ਸੂਰਯ ਕਾਲੋਨੀ, ਜੜੌਤ ਰੋਡ ਅੰਬਾਲਾ ਸ਼ਹਿਰ ਦੇ ਬਿਆਨ ’ਤੇ ਲੱਕੀ ਨਾਂ ਦੇ ਲੜਕੇ ਦੇ ਖ਼ਿਲਾਫ਼ ਬੁਰਕ ਮਾਰ ਕੇ ਉਸ ਦਾ ਨੱਕ ਵੱਢਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਘਟਨਾ ਦੀਵਾਲੀ ਵਾਲੇ ਦਿਨ ਦੀ ਹੈ।
ਪੀਜੀਆਈ ਚੰਡੀਗੜ੍ਹ ਵਿਚ ਜ਼ੇਰੇ-ਇਲਾਜ ਧੀਰਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਇਕ ਸਰਾਫ਼ ਕੋਲ ਬਤੌਰ ਡਰਾਈਵਰ ਕੰਮ ਕਰ ਰਿਹਾ ਹੈ। ਦੀਵਾਲੀ ਵਾਲੇ ਦਿਨ ਉਸ ਦੇ ਦੋਸਤ ਅਜੈ ਨੇ ਫੋਨ ਕਰ ਕੇ ਉਸ ਨੂੰ ਪਰਸ਼ੂ ਰਾਮ ਭਵਨ ਲਾਗੇ ਸੱਦਿਆ। ਉੱਥੇ ਅਜੈ ਦੇ ਕੋਲ ਲੱਕੀ ਨਾਂ ਦਾ ਲੜਕਾ ਖੜ੍ਹਾ ਸੀ ਜਿਸ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਦੀ ਦੋ ਲੜਕਿਆਂ ਨਾਲ ਬਹਿਸ ਚੱਲ ਰਹੀ ਸੀ।
ਧੀਰਜ ਨੇ ਕਿਹਾ, ‘‘ਮੇਰੇ ਵੱਲੋਂ ਸਮਝਾਉਣ ਤੇ ਦੋਵੇਂ ਲੜਕੇ ਤਾਂ ਚਲੇ ਗਏ ਪਰ ਲੱਕੀ ਤੈਸ਼ ਵਿਚ ਆ ਗਿਆ ਅਤੇ ਗਾਲ੍ਹਾਂ ਕੱਢਦਿਆਂ ਮੇਰੇ ਨੱਕ ਦਾ ਬੁਰਕ ਭਰ ਲਿਆ। ਅਜੈ ਦੀ ਮਦਦ ਨਾਲ ਮੈਂ ਲੱਕੀ ਤੋਂ ਛੁੱਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਸ ਨੇ ਉਦੋਂ ਤੱਕ ਨਹੀਂ ਛੱਡਿਆ ਜਦੋਂ ਤੱਕ ਮੇਰਾ ਨੱਕ ਨਹੀਂ ਵੱਢਿਆ ਗਿਆ। ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਲੱਕੀ ਮੌਕੇ ਤੋਂ ਦੌੜ ਗਿਆ।’’
ਉਸ ਦਾ ਦੋਸਤ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਿਆ ਜਿੱਥੋਂ ਹਾਲਤ ਗੰਭੀਰ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਧੀਰਜ ਕੁਮਾਰ ਦੇ ਬਿਆਨ ’ਤੇ ਲੱਕੀ ਨਾਂ ਦੇ ਲੜਕੇ ਦੇ ਖ਼ਿਲਾਫ਼ ਧਾਰਾ 115 (2), 118 (2) ਅਤੇ 351 (2) (3) ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।