ਇਥੇ ਬਾਬੈਨ ਥਾਣੇ ਦੇ ਪਿੰਡ ਸੰਘੋਰ ਵਿੱਚ ਕਿਸਾਨਾਂ ਨੇ ਇਕ ਵਿਅਕਤੀ ਨੂੰ ਟਿਊਬਵੈੱਲਾਂ ਦੇ ਕਮਰਿਆਂ ਦੇ ਤਾਲੇ ਤੋੜ ਕੇ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ-ਨਾਲ ਸਟਾਰਟਰ ਤੇ ਹੋਰ ਸਾਮਾਨ ਸਣੇ ਕਾਬੂ ਕਰ ਲਿਆ। ਕਿਸਾਨਾਂ ਨੇ ਸੰਘੋਰ ਨਿਵਾਸੀ ਰੌਬਿਨ ਨੂੰ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਸਣੇ ਪੁਲੀਸ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੰਘੋਰ ਦੇ ਕਿਸਾਨ ਪਿਛਲੇ ਕੁਝ ਦਿਨਾਂ ਤੋਂ ਟਿਊਬਵੈੱਲਾਂ ਦੀਆਂ ਕੇਬਲਾਂ ਚੋਰੀ ਹੋਣ ਤੋਂ ਬਹੁਤ ਹੀ ਪ੍ਰੇਸ਼ਾਨ ਸਨ। ਪਿਛਲੇ ਕੁਝ ਦਿਨਾਂ ਤੋਂ ਚੋਰ ਪਿੰਡ ਸੰਘੋਰ ਵਿੱਚ ਕਿਸਾਨਾਂ ਦੀਆਂ ਬਿਜਲੀ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਇਸ ਕਰਕੇ ਕਿਸਾਨ ਕਈ ਦਿਨਾਂ ਤੋਂ ਚੋਰਾਂ ਨੂੰ ਫੜਨ ਦੀ ਤਾਕ ਵਿੱਚ ਸਨ। ਅੱਜ ਜਿਵੇਂ ਹੀ ਸੰਘੋਰ ਨਿਵਾਸੀ ਰੌਬਿਨ ਬਿਜਲੀ ਦੀਆਂ ਤਾਰਾਂ ਵੇਚਣ ਲਈ ਬਾਬੈਨ ਜਾ ਰਿਹਾ ਸੀ ਕਿਸਾਨਾਂ ਨੂੰ ਇਸ ਦੀ ਭਿਣਕ ਪਈ। ਜਦੋਂ ਕਿਸਾਨਾਂ ਨੇ ਉਸ ਨੂੰ ਰੋਕਿਆ ਤੇ ਉਸ ਦੇ ਬੈਗ ਦੀ ਜਾਂਚ ਕੀਤੀ ਤਾਂ ਉਸ ਵਿਚ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ ਮਿਲੀਆਂ। ਜਿਵੇਂ ਹੀ ਲੋਕਾਂ ਨੂੰ ਚੋਰ ਫੜੇ ਜਾਣ ਦੀ ਖਬਰ ਮਿਲੀ ਤਾਂ ਸੈਂਕੜੇ ਕਿਸਾਨ ਉਥੇ ਇੱਕਠੇ ਹੋ ਗਏ ਤੇ ਪੁਲਿਸ ਨੂੰ ਬੁਲਾ ਕੇ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ। ਪਿੰਡ ਸੰਘੋਰ ਦੇ ਵਸਨੀਕ ਕਿਸਾਨ ਬਲਿੰਦਰ, ਪ੍ਰਦੀਪ, ਰਾਮੇਸ਼ਵਰ, ਨਰੇਸ਼, ਬੰਟੀ, ਉਦਮ, ਅਨਿਲ, ਹਿੰਮਤ, ਸੁਖਬੀਰ, ਸ਼ਮਸ਼ੇਰ ਸਿੰਘ ਨੇ ਮੰਗ ਕੀਤੀ ਹੈ ਕਿ ਪੁਲੀਸ ਚੋਰੀ ਦੀਆਂ ਤਾਰਾਂ ਖਰੀਦਣ ਵਾਲੇ ਦੁਕਾਨਦਾਰ ਨੂੰ ਵੀ ਗ੍ਰਿਫ਼ਤਾਰ ਕਰੇੇ।
+
Advertisement
Advertisement
Advertisement
Advertisement
×