ਮਾਲੇਗਾਓਂ ਧਮਾਕੇ: ਪ੍ਰੱਗਿਆ ਤੇ ਕਰਨਲ ਪੁਰੋਹਿਤ ਸਣੇ 7 ਬਰੀ
ਮਹਾਰਾਸ਼ਟਰ ਦੇ ਮਾਲੇਗਾਓਂ ਕਸਬੇ ’ਚ ਕਰੀਬ 17 ਸਾਲ ਪਹਿਲਾਂ ਹੋਏ ਧਮਾਕੇ ਦੇ ਮਾਮਲੇ ’ਚ ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਅੱਜ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਅਤੇ ਸਾਬਕਾ ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਧਮਾਕੇ ’ਚ ਛੇ ਵਿਅਕਤੀ ਮਾਰੇ ਗਏ ਸਨ ਅਤੇ 101 ਹੋਰ ਜ਼ਖ਼ਮੀ ਹੋਏ ਸਨ। ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮੁਲਜ਼ਮਾਂ ਲਈ ਇਕਸਾਰ ਸਜ਼ਾ ਦੀ ਮੰਗ ਕੀਤੀ ਸੀ। ਐੱਨਆਈਏ ਦੇ ਕੇਸਾਂ ਦੀ ਸੁਣਵਾਈ ਲਈ ਨਿਯੁਕਤ ਵਿਸ਼ੇਸ਼ ਜੱਜ ਏਕੇ ਲਹੋਟੀ ਨੇ ਜਾਂਚ ’ਚ ਕਈ ਖਾਮੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਲਜ਼ਮ ਸ਼ੱਕ ਦਾ ਲਾਹਾ ਲੈਣ ਦੇ ਹੱਕਦਾਰ ਹਨ। ਜੱਜ ਨੇ ਕਿਹਾ ਕਿ ਮਾਮਲੇ ਨੂੰ ਸ਼ੱਕ ਦੇ ਆਧਾਰ ’ਤੇ ਸਾਬਤ ਕਰਨ ਲਈ ਕੋਈ ਭਰੋਸੇਯੋਗ ਅਤੇ ਪੁਖ਼ਤਾ ਸਬੂਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈ ਅਤੇ ਉਹ ਸਿਰਫ਼ ਧਾਰਨਾ ਦੇ ਆਧਾਰ ’ਤੇ ਸਜ਼ਾ ਨਹੀਂ ਦੇ ਸਕਦੇ ਹਨ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਦੀਆਂ ਧਾਰਾਵਾਂ ਲਾਗੂ ਨਹੀਂ ਹੁੰਦੀਆਂ ਹਨ। ਪੀੜਤਾਂ ਦੇ ਪਰਿਵਾਰਾਂ ਦੇ ਵਕੀਲ ਨੇ ਕਿਹਾ ਕਿ ਉਹ ਫ਼ੈਸਲੇ ਨੂੰ ਉਪਰਲੀਆਂ ਅਦਾਲਤਾਂ ’ਚ ਚੁਣੌਤੀ ਦੇਣਗੇ। ਜਿਨ੍ਹਾਂ ਹੋਰ ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਵਿਚ ਮੇਜਰ (ਸੇਵਾਮੁਕਤ) ਰਮੇਸ਼ ਉਪਾਧਿਆਏ, ਅਜੈ ਰਾਹਿਰਕਰ, ਸੁਧਾਕਰ ਦਿਵੇਦੀ, ਸੁਧਾਕਰ ਚਤੁਰਵੇਦੀ ਅਤੇ ਸਮੀਰ ਕੁਲਕਰਨੀ ਸ਼ਾਮਲ ਹਨ। ਮੁਲਜ਼ਮਾਂ ’ਤੇ ਸਾਜ਼ਿਸ਼ ਘੜਨ, ਕਤਲ, ਇਰਾਦਾ ਕਤਲ, ਦੋ ਫਿਰਕਿਆਂ ’ਚ ਟਕਰਾਅ ਵਧਾਉਣ ਆਦਿ ਦੇ ਦੋਸ਼ ਆਇਦ ਕੀਤੇ ਗਏ ਸਨ। ਇਹ ਧਮਾਕਾ ਪਵਿੱਤਰ ਰਮਜ਼ਾਨ ਦੇ ਮਹੀਨੇ ਦੌਰਾਨ 29 ਸਤੰਬਰ 2008 ਦੀ ਰਾਤ ਨੂੰ ਇਕ ਮਸਜਿਦ ਨੇੜੇ ਹੋਇਆ ਸੀ। ਇਸਤਗਾਸਾ ਧਿਰ ਦਾ ਦਾਅਵਾ ਸੀ ਕਿ ਧਮਾਕਾ ਹਿੰਦੂ ਕੱਟੜਵਾਦੀਆਂ ਵੱਲੋਂ ਸਥਾਨਕ ਮੁਸਲਮਾਨ ਫਿਰਕੇ ’ਚ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਧਮਾਕੇ ’ਚ ਵਰਤਿਆ ਮੋਟਰਸਾਈਕਲ ਪ੍ਰੱਗਿਆ ਠਾਕੁਰ ਦੇ ਨਾਮ ’ਤੇ ਰਜਿਸਟਰਡ ਸੀ। ਉਨ੍ਹਾਂ ਕਿਹਾ ਕਿ ਇਹ ਵੀ ਸਾਬਤ ਨਹੀਂ ਹੋਇਆ ਕਿ ਧਮਾਕਾ ਕਥਿਤ ਤੌਰ ’ਤੇ ਮੋਟਰਸਾਈਕਲ ’ਤੇ ਲਗਾਏ ਬੰਬ ਨਾਲ ਹੋਇਆ ਸੀ। ਅਦਾਲਤ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਉਹ ਧਮਾਕੇ ’ਚ ਮਾਰੇ ਗਏ ਛੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਵੇ। ਸਾਰੇ ਸੱਤ ਮੁਲਜ਼ਮ ਅਦਾਲਤ ’ਚ ਹਾਜ਼ਰ ਸਨ ਅਤੇ ਫ਼ੈਸਲਾ ਆਉਣ ਮਗਰੋਂ ਉਨ੍ਹਾਂ ਦੇ ਚਿਹਰੇ ’ਤੇ ਰਾਹਤ ਅਤੇ ਖੁਸ਼ੀ ਦੀ ਝਲਕ ਨਜ਼ਰ ਆ ਰਹੀ ਸੀ।
ਠਾਕੁਰ ਅਤੇ ਪੁਰੋਹਿਤ ਵੱਲੋਂ ਫ਼ੈਸਲੇ ਦਾ ਸਵਾਗਤ
ਪ੍ਰੱਗਿਆ ਠਾਕੁਰ ਅਤੇ ਸਾਬਕਾ ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਨੇ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਪ੍ਰੱਗਿਆ ਨੇ ਕਿਹਾ ਕਿ ਇਹ ‘ਭਗਵਾ ਦੀ ਜਿੱਤ ਹੋਈ ਹੈ।’ ਉਸ ਨੇ ਕਿਹਾ ਕਿ ਬੀਤੇ 17 ਸਾਲਾਂ ’ਚ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਅਤੇ ਭਗਵਾਨ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਨ੍ਹਾਂ ‘ਭਗਵਾ’ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ