ਮਹਿਲਾ ਅਧਿਆਪਕ ਨੂੰ ਅਗਵਾ ਕਰਨ ਦੇ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫ਼ਤਾਰ
ਹਥਿਆਰਾਂ ਦੇ ਜ਼ੋਰ ’ਤੇ ਸਕੂਲ ਵੈਨ ’ਚੋਂ ਕੀਤਾ ਸੀ ਅਗਵਾ
ਸੀਆਈਏ ਰਤੀਆ ਕਮ ਏਵੀਟੀ ਸਟਾਫ਼ ਫ਼ਤਿਹਾਬਾਦ ਦੀ ਟੀਮ ਨੇ ਸਕੂਲ ਵੈਨ ਵਿੱਚੋਂ ਇੱਕ ਮਹਿਲਾ ਅਧਿਆਪਕਾ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸੰਦੀਪ ਉਰਫ਼ ਦੀਪੂ ਵਾਸੀ ਪਿੰਡ ਮਨਾਵਾਲੀ, ਜ਼ਿਲ੍ਹਾ ਫਤਿਹਾਬਾਦ ਵਜੋਂ ਹੋਈ ਹੈ। ਫੜੇ ਗਏ ਵਿਅਕਤੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਟੀਮ ਦੇ ਇੰਚਾਰਜ ਸਬ-ਇੰਸਪੈਕਟਰ ਵੇਦਪਾਲ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਥਾਣਾ ਸਿਟੀ ਰਤੀਆ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਸੰਦੀਪ ਦੇ ਕਬਜ਼ੇ ਵਿੱਚੋਂ ਅਗਵਾ ਵਿੱਚ ਵਰਤੇ ਗਏ ਦੋ ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਸਦੀ ਧੀ ਪਿੰਡ ਚੰਦੋ ਖੁਰਦ ਸਥਿਤ ਗੁਰੂ ਨਾਨਕ ਸਕੂਲ ਵਿੱਚ ਅਧਿਆਪਕਾ ਹੈ। 29 ਜੁਲਾਈ, 2025 ਨੂੰ ਦੁਪਹਿਰ 2:30 ਵਜੇ ਦੇ ਕਰੀਬ ਜਦੋਂ ਉਹ ਸਕੂਲ ਵੈਨ ਤੋਂ ਘਰ ਵਾਪਸ ਆ ਰਹੀ ਸੀ, ਤਾਂ ਡਿਗੀ ਢਾਣੀ ਨੇੜੇ ਇੱਕ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ, ਜਿਨ੍ਹਾਂ ਵਿੱਚ ਸੰਦੀਪ, ਰਵੀ, ਮਹਿੰਦਰ (ਸਾਰੇ ਵਾਸੀ ਮਨਾਵਾਲੀ) ਅਤੇ ਦੋ ਅਣਪਛਾਤੇ ਵਿਅਕਤੀ ਸ਼ਾਮਲ ਸਨ, ਨੇ ਜ਼ਬਰਦਸਤੀ ਸਕੂਲ ਵੈਨ ਨੂੰ ਰੋਕਿਆ। ਲੱਕੜ ਦੇ ਡੰਡਿਆਂ ਨਾਲ ਲੈਸ ਮੁਲਜ਼ਮਾਂ ਨੇ ਵੈਨ ਵਿੱਚ ਮੌਜੂਦ ਅਧਿਆਪਕਾਂ ਅਤੇ ਡਰਾਈਵਰ ’ਤੇ ਹਮਲਾ ਕੀਤਾ। ਡੰਡਿਆਂ ਦੇ ਬਲ ਦੀ ਵਰਤੋਂ ਕਰਦੇ ਹੋਏ ਮੁਲਜ਼ਮਾਂ ਨੇ ਅਧਿਆਪਕਾ ਨੂੰ ਜ਼ਬਰਦਸਤੀ ਵੈਨ ਵਿੱਚੋਂ ਬਾਹਰ ਕੱਢਿਆ ਅਤੇ ਆਪਣੀ ਕਾਰ ਵਿੱਚ ਲੈ ਗਏ।