ਨਿਕਾਸੀ ਨਾ ਹੋਣ ਕਾਰਨ ਹੇਠਲੇ ਖੇਤਰਾਂ ਵਿੱਚ ਪਾਣੀ ਭਰਿਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 25 ਜੂਨ
ਭਾਰੀ ਬਰਸਾਤ ਕਾਰਨ ਬਾਬੈਨ ਦੀ ਸ਼ਨੀ ਮੰਦਰ ਕਲੋਨੀ ਵਿਚ ਪਾਣੀ ਭਰਨ ਕਾਰਨ ਲੋਕ ਪ੍ਰੇਸ਼ਾਨ ਹਨ। ਸਥਾਨਕ ਵਾਸੀ ਦਿਨੇਸ਼ ਕੁਮਾਰ, ਜੈ ਭਗਵਾਨ ਸੈਣੀ, ਮਨੋਜ ਸ਼ਰਮਾ, ਸੁਰੇਸ਼ ਕੁਮਾਰ, ,ਅੰਕੁਸ਼, ਰੋਸ਼ਨੀ ਦੇਵੀ, ਫੂਲ ਚੰਦ ਤੇ ਰਵੀ ਕੁਮਾਰ ਦਾ ਕਹਿਣਾ ਹੈ ਕਿ ਇਲਾਕੇ ਵਿੰਚ ਗੈਰਕਨੂੰਨੀ ਕਲੋਨੀਆਂ ਤੇਜ਼ੀ ਨਾਲ ਉਸਰ ਰਹੀਆਂ ਹਨ। ਕਲੋਨੀਆਂ ਦੀਆਂ ਸੜਕਾਂ ਤੋ ਉੱਚੀ ਮਿੱਟੀ ਭਰਨ ਕਾਰਨ ਮੀਂਹ ਦੇ ਪਾਣੀ ਦਾ ਨਿਕਾਸ ਬੰਦ ਹੋ ਗਿਆ ਹੈ ਤੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਰਿਹਾ ਹੈ। ਜੇ ਹੋਰ ਬਰਸਾਤ ਹੁੰਦੀ ਹੈ ਤਾਂ ਪਾਣੀ ਸ਼ਨੀ ਮੰਦਰ ਕਲੋਨੀ ਦੇ ਘਰਾਂ ਵਿਚ ਦਾਖਲ ਹੋ ਜਾਵੇਗਾ। ਇਧਰ, ਉੱਧਰ ਜਾਣ ਲਈ ਬੱਚਿਆਂ, ਬਜ਼ੁਰਗਾਂ ਤੇ ਆਮ ਲੋਕਾਂ ਨੂੰ ਪਾਣੀ ਵਿੱਚੋਂ ਹੀ ਲੰਘ ਕੇ ਜਾਣਾ ਪੈ ਰਿਹਾ ਹੈ। ਮੀਹ ਦਾ ਪਾਣੀ ਭਰਨ ਕਰਕੇ ਛੱਪੜ ਦਾ ਗੰਦਾ ਪਾਣੀ ਘਰਾਂ ਵਿਚ ਵੜ ਰਿਹਾ ਹੈ ਜਿਸ ਦੇ ਨਾਲ ਪਾਣੀ ਵਿਚ ਰਹਿਣ ਵਾਲੇ ਜ਼ਹਿਰੀਲੇ ਕੀੜੇ ਤੇ ਸੱਪ ਵੀ ਘਰਾਂ ਵਿਚ ਦਾਖਲ ਹੋ ਰਹੇ ਹਨ। ਇਸ ਕਾਰਨ ਜਾਨੀ ਨੁਕਸਾਨ ਦਾ ਖ਼ਦਸ਼ਾ ਹੈ। ਜੈ ਭਗਵਾਨ ਸੈਣੀ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ ਪਰ ਹੁਣ ਤਕ ਕੋਈ ਸਥਾਈ ਹੱਲ ਨਹੀਂ ਨਿਕਲਿਆ। ਲੋਕਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਲਾਕੇ ਦਾ ਸਰਵੇਖਣ ਕਰਵਾ ਕੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਬਣਾਈਆਂ ਜਾਣ ਤੇ ਗ਼ੈਰਕਾਨੂੰਨੀ ਕਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।