ਸਿਰਜਣਾਤਮਕ ਸ਼ਕਤੀ ਦੇ ਪ੍ਰਤੀਕ ਸਨ ਭਗਵਾਨ ਵਿਸ਼ਵਕਰਮਾ: ਕਾਲਕਾ
ਵਿਸ਼ਵਕਰਮਾ ਦਿਵਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਸਨਮਾਨ
ਹੁਨਰ, ਨਵੀਨਤਾ ਅਤੇ ਸ਼ਿਲਪਕਲਾ ਦੇ ਸਦੀਵੀ ਪ੍ਰਤੀਕ ਅਤੇ ਬ੍ਰਹਮ ਸਿਰਜਣਹਾਰ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੱਜ ਇੱਥੇ ਵਿਸ਼ਵਕਰਮਾ ਵਿਗਿਆਨ ਵਿਦਿਆ ਪ੍ਰਚਾਰਣੀ ਸਭਾ ਵੱਲੋਂ ਕਰਵਾਇਆ ਗਿਆ। ਇਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਉਨ੍ਹਾਂ ਦੀਆਂ ਸਮਾਜ ਸੇਵਾਵਾਂ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਾਲਕਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਸਿਰਜਣਾਤਮਕ ਸ਼ਕਤੀ, ਕਰਤਾਰਤਾ ਅਤੇ ਵਿਗਿਆਨਕ ਚੇਤਨਾ ਦੇ ਪ੍ਰਤੀਕ ਹਨ। ਉਹ ਸਾਨੂੰ ਸਿਖਾਉਂਦੇ ਹਨ ਕਿ ਹਰ ਮਨੁੱਖ ਦੇ ਅੰਦਰ ਇੱਕ ਵਿਲੱਖਣ ਕਲਾ ਅਤੇ ਸ਼ਕਤੀ ਛੁਪੀ ਹੁੰਦੀ ਹੈ ਅਤੇ ਉਸ ਕਲਾ ਦੀ ਪਛਾਣ ਕਰਕੇ ਉਸ ਦੀ ਸੇਵਾ ਕਰਨਾ ਹੀ ਸੱਚੀ ਉਪਾਸਨਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਆਦਰਸ਼ ਸਾਨੂੰ ਮਿਹਨਤ, ਕੌਸ਼ਲ ਅਤੇ ਸਮਰਪਣ ਰਾਹੀਂ ਰਾਸ਼ਟਰ ਨਿਰਮਾਣ ਅਤੇ ਸਮਾਜਿਕ ਏਕਤਾ ਵੱਲ ਵਧਣ ਲਈ ਪ੍ਰੇਰਿਤ ਕਰਦੇ ਹਨ। ਇਸ ਸਮਾਗਮ ਵਿੱਚ ਵਿਸ਼ਵਕਰਮਾ ਵਿਗਿਆਨ ਵਿਦਿਆ ਪ੍ਰਚਾਰਣੀ ਸਭਾ ਦੇ ਪ੍ਰਧਾਨ, ਕਈ ਉੱਘੇ ਵਿਦਵਾਨਾਂ, ਸਮਾਜ ਸੇਵਕਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦਿਵਸ ਦੀ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਬਹੁਤ ਵੱਡੀ ਸਾਰਥਿਕਤਾ ਹੈ, ਕਿਉਂਕਿ ਇਹ ਸਾਨੂੰ ਹੁਨਰ ਅਤੇ ਮਿਹਨਤ ਦੀ ਮਹੱਤਤਾ ਯਾਦ ਦਿਵਾਉਂਦਾ ਹੈ।
ਐੱਨ ਸੀ ਆਰ ਵਿੱਚ ਵੀ ਮਨਾਇਆ ਗਿਆ ਵਿਸ਼ਵਕਰਮਾ ਦਿਵਸ
ਫਰੀਦਾਬਾਦ (ਪੱਤਰ ਪ੍ਰੇਰਕ): ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਦੇ ਸ਼ਹਿਰਾਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਸੋਨੀਪਤ ਅਤੇ ਪਾਣੀਪਤ ਵਿੱਚ ਵੀ ਇਸ ਦਿਵਸ ਨੂੰ ਸਮਰਪਿਤ ਕਈ ਸਮਾਗਮ ਕਰਵਾਏ ਗਏ। ਰਾਮਗੜ੍ਹੀਆ ਭਾਈਚਾਰੇ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਖ਼ਾਲਸਾ ਨੇ ਦੱਸਿਆ ਕਿ ਐੱਨ ਸੀ ਆਰ ਵਿੱਚ ਰਾਮਗੜ੍ਹੀਆ ਭਾਈਚਾਰੇ ਵੱਲੋਂ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ। ਇਸ ਮੌਕੇ ਕੀਰਤਨ ਦਰਬਾਰ ਕਰਵਾਏ ਗਏ ਅਤੇ ਨੌਜਵਾਨ ਪੀੜ੍ਹੀ ਨੂੰ ਹੁਨਰ ਸਿਖਲਾਈ ਅਤੇ ਸਵੈ-ਵਿਕਾਸ ’ਤੇ ਜ਼ੋਰ ਦੇਣ ਲਈ ਪ੍ਰੇਰਿਤ ਕੀਤਾ ਗਿਆ। ਵੱਖ-ਵੱਖ ਸੰਸਥਾਵਾਂ ਨੇ ਇੱਕ-ਦੂਜੇ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ’ਤੇ ਜ਼ੋਰ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇੱਥੇ ਰੇਲਵੇ ਰੋਡ ’ਤੇ ਧੀਮਾਨ ਬ੍ਰਾਹਮਣ ਪੰਚਾਇਤ ਸਭਾ ਵੱਲੋਂ ਵਿਸ਼ਵਕਰਮਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਵਿਸ਼ਵਕਰਮਾ ਦਿਵਸ ਵਰਗੇ ਮੌਕੇ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬ੍ਰਹਿਮੰਡ ਦੇ ਸਿਰਜਣਹਾਰ ਅਤੇ ਕਾਰੀਗਰਾਂ ਦੇ ਦੇਵਤਾ, ਭਗਵਾਨ ਵਿਸ਼ਵਕਰਮਾ ਵੱਲੋਂ ਦਰਸਾਏ ਗਏ ਏਕਤਾ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸੁਧਾ ਨੇ ਭਾਈਚਾਰੇ ਦੇ ਸੀਨੀਅਰ ਨਾਗਰਿਕਾਂ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਸਭਾ ਨੂੰ 5 ਲੱਖ ਰੁਪਏ ਦਾਨ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ‘ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ’ ਤਹਿਤ ਕਾਰੀਗਰਾਂ ਨੂੰ ਵੱਡਾ ਲਾਭ ਦੇ ਰਹੀ ਹੈ।