ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਲਿਫਟ ਦੀ ਕਾਰ ਸੇਵਾ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਬਜ਼ੁਰਗਾਂ ਤੇ ਅੰਗਹੀਣਾਂ ਲਈ ਲਿਫਟ ਦੀ ਸਹੂਲਤ ਦੀ ਕਾਰ ਸੇਵਾ ਸ਼ੁਰੂ ਹੋ ਗਈ ਹੈ। ਇਸ ਮੌਕੇ ਅਰਦਾਸ ਕਰ ਕੇ ਸੇਵਾ ਸ਼ੁਰੂ ਕੀਤੀ ਗਈ। ਇਹ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਵੱਲੋਂ ਵਰੋਸਾਏ ਬਾਬਾ ਬਚਨ ਸਿੰਘ ਤੇ ਸਾਥੀਆਂ ਦੀ ਦੇਖ ਰੇਖ ਹੇਠ ਮੁਕੰਮਲ ਹੋਵੇਗੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਉਹ ਅਸਥਾਨ ਹੈ ਜਿਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅਤੇ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਤੇ ਅੰਗਹੀਣਾਂ ਤੇ ਹੋਰ ਲੋੜਵੰਦਾਂ ਨੂੰ ਗੁਰੂ ਮਹਾਰਾਜ ਦਾ ਅਸਥਾਨ ਉੱਚਾ ਹੋਣ ਕਾਰਨ ਪੌੜੀਆਂ ਚੜ੍ਹਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਮੁਸ਼ਕਿਲਾਂ ਨੂੰ ਵੇਖਦਿਆਂ ਸੰਗਤਾਂ ਦੀ ਸਹੂਲਤ ਲਈ ਇਥੇ ਲਿਫਟ ਲਗਾਈ ਜਾਵੇ। ਲਿਫਟ ਗਰਾਊਂਡ ਫਲੋਰ ਤੋਂ ਹੀ ਸ਼ੁਰੂ ਹੋਵੇਗੀ ਜਿਸ ਨਾਲ ਵ੍ਹੀਲ ਚੇਅਰ ’ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਮਿਲੇਗੀ। ਇਸ ਸਬੰਧੀ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਸੇਵਾ ਆਰੰਭੀ ਗਈ ਹੈ। ਇਸ ਮੌਕੇ ਕਾਹਲੋਂ ਅਤੇ ਕਾਲਕਾ ਨੇ ਕਿਹਾ ਕਿ ਇਸ ਸਬੰਧੀ ਸੰਗਤ ਕਾਫ਼ੀ ਦੇਰ ਤੋਂ ਮੰਗ ਕਰ ਰਹੀ ਸੀ। ਸੰਗਤ ਦੀ ਮੰਗ ’ਤੇ ਇਸ ਸਬੰਧੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ। ਜਲਦੀ ਹੀ ਇਹ ਪ੍ਰਾਜੈਕਟ ਪੂਰਾ ਹੋ ਜਾਵੇਗਾ।