ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 20 ਜੂਨ
ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਕੌਮਾਂਤਰੀ ਯੋਗ ਦਿਵਸ ਮੌਕੇ ਇੱਥੇ ਕੁਰੂਕਸ਼ੇਤਰ ਵਿਚ ਰਾਜ ਪੱਧਰੀ ਯੋਗ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਵਿਚ ਇੱਕ ਲੱਖ ਤੋਂ ਵੱਧ ਲੋਕ ਹਿੱਸਾ ਲੈਣਗੇ ਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਨਵਾਂ ਵਿਸ਼ਵ ਰਿਕਾਰਡ ਬਣਾਉਣਗੇ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਾਬਕਾ ਰਾਜ ਮੰਤਰੀ ਮਿਨੀ ਸਕੱਤਰੇਤ ਦੇ ਆਡੀਟੋਰੀਅਮ ਵਿਚ ਤਿਆਰੀਆਂ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਸੁਭਾਸ਼ ਸੁਧਾ ਤੋਂ ਇਲਾਵਾ ਮੁੱਖ ਮੰਤਰੀ ਦੇ ਦਫਤਰ ਇੰਚਾਰਜ ਕੈਲਾਸ਼ ਸੈਣੀ ਤੇ ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਤਿਆਰੀਆਂ ਦਾ ਜਾਇਜ਼ਾ ਲਿਆ।
ਕੈਲਾਸ਼ ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਰਾਜ ਪੱਧਰੀ ਯੋਗਾ ਪ੍ਰੋਗਰਾਮ ਰਾਹੀਂ ਵਿਸ਼ਵ ਪੱਧਰ ’ਤੇ ਪਛਾਣ ਬਣਾਉਣ ਦਾ ਸੁਫ਼ਨਾ 21 ਜੂਨ ਨੂੰ ਪੂਰਾ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਸਾਰੇ ਪਾਰਟੀ ਵਰਕਰ, ਸ਼ਹਿਰ ਦੇ ਸਾਰੇ ਸੰਗਠਨ, ਅਧਿਕਾਰੀ, ਕਰਮਚਾਰੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਤਕ ਪਹੁੰਚਣ ਲਈ ਟਰੈਫਿਕ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਵਰਕਰਾਂ ਨੂੰ ਜਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਹਨ। ਇਸ ਵਿਚ 37 ਹਜ਼ਾਰ ਸਕੂਲੀ ਵਿਦਿਆਰਥੀ, ਸਟਾਫ ਤੇ ਪਰਿਵਾਰਕ ਮੈਂਬਰ ਹਿੱਸਾ ਲੈਣਗੇ। 40 ਹਜ਼ਾਰ ਭਾਗੀਦਾਰ ਪਤੰਜਲੀ ਯੋਗ ਪੀਠ ਤੇ ਹਰਿਆਣਾ ਯੋਗ ਕਮਿਸ਼ਨ ਤੋਂ ਆਉਣਗੇ। ਉਨਾਂ ਕਿਹਾ ਕਿ ਮੀਡੀਆ ਲਈ ਸ਼੍ਰੀ ਕ੍ਰਿਸ਼ਨਾ ਮਿਊਜਮ ਕੰਪਲੈਕਸ ਵਿਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।