ਆਦਰਸ਼ ਸਕੂਲ ਬਰਗਟ ਜੱਟਾਂ ਵਿੱਚ ਕਾਰਗਿਲ ਵਿਜੈ ਦਿਵਸ ਸਬੰਧੀ ਸਮਾਗਮ
ਇਥੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜੱਟਾਂ ਵਿੱਚ ਅੱਜ ਕਾਰਗਿਲ ਵਿਜੈ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿਚ ਕਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਸਮਰਪਣ,ਕੁਰਬਾਨੀ ਤੇ ਆਤਮ ਤਿਆਗ ਦੀ ਭਾਵਨਾ ਪੈਦਾ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਐੱਨਸੀਸੀ ਕੈਡਿਟਾਂ ਵਲੋਂ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ। ਇਸ ਤੋਂ ਬਾਅਦ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਾਰਗਿੱਲ ਯੁੱਧ ਦੇ ਕਾਰਨਾਂ, ਨਤੀਜਿਆਂ ਤੇ ਇਸ ਵਿਚ ਭਾਰਤੀ ਫੌਜ ਦੀ ਬਹਾਦਰੀ ਤੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਭਾਸ਼ਣ, ਕਵਿਤਾਵਾਂ , ਨਾਚ ਤੇ ਨਾਟਕਾਂ ਦੀ ਪੇਸ਼ਕਾਰੀ ਦਿੱਤੀ। ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਸਕੂਲ ਦੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜੇਹੇ ਸਮਾਗਮਾਂ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਦੀ ਬਹਾਦਰੀ ਨੂੰ ਸਮਝ ਸਕਣ ਤੇ ਉਨਾਂ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰ ਸਕਣ। ਸ਼ਾਹਬਾਦ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਦੌਰਾਨ 5 ਹਜ਼ਾਰ ਮੀਟਰ ਦੀ ਦੌੜ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਨਿਤਿਨ ਤੇ ਪਰਵਿੰਦਰ ਸਕੂਲ ਮੈਨੇਜਰ ਸੋਹਨ ਲਾਲ ਸੈਣੀ ਤੇ ਪ੍ਰਿੰਸੀਪਲ ਵੱਲੋਂ ਮੈਡਲ ਪਾ ਕੇ ਸਨਮਾਨ ਕੀਤਾ ਗਿਆ।