ਝੀਂਡਾ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸਬ-ਕਮੇਟੀਆਂ ਭੰਗ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਮੇਟੀ ਵਲੋਂ ਬਣਾਈਆਂ ਗਈਆਂ ਵੱਖ ਵੱਖ ਵਿਭਾਗਾਂ ਦੇ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਸਬ ਕਮੇਟੀਆਂ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਵੀ ਨਿਯੁਕਤ ਕੀਤੇ ਸਨ ਪਰ ਕੁਝ ਮੈਂਬਰ ਇਸ ਮਾਮਲੇ ’ਤੇ ਆਪਣੀ ਨਰਾਜ਼ਗੀ ਪ੍ਰਗਟ ਕਰ ਰਹੇ ਸਨ। ਕਈ ਨਰਾਜ਼ ਮੈਂਬਰ ਹੁਣ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਲਈ ਸੀਨੀਅਰ ਮੈਂਬਰਾਂ ਨਾਲ ਚਰਚਾ ਕਰਨ ਤੋਂ ਬਾਅਦ ਉਨ੍ਹਾਂ ਨੇ ਹੁਣ ਸਾਰੀਆਂ ਸਬ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਇਸ ਸਬੰਧੀ ਚੇਅਰਮੈਨਾਂ ਦੀਆਂ ਨਿਯੁਕਤੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਜਥੇਦਾਰ ਝੀਂਡਾ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਸ਼ੈਸ਼ਨ ਵਿਚ ਬਜਟ ਦੀ ਜਾਂਚ ਤੇ ਤਿਆਰੀ ਲਈ ਸਦਨ ਵਲੋਂ ਬਣਾਈ ਗਈ ਸਬ ਕਮੇਟੀ ਆਪਣਾ ਕੰਮ ਕਰਦੀ ਰਹੇਗੀ। ਇਹ ਕਮੇਟੀ ਸੰਸਥਾ ਦੇ ਜਨਰਲ ਹਾਊਸ ਵਲੋਂ ਬਣਾਈ ਗਈ ਸੀ। ਇਸ ਲਈ ਇਸ ਨੂੰ ਭੰਗ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਸਾਰੀਆਂ ਕਮੇਟੀਆਂ ਜਨਰਲ ਹਾਊਸ ਦੀ ਸਹਿਮਤੀ ਨਾਲ ਹੀ ਬਣਾਈਆਂ ਜਾਣਗੀਆਂ।
ਕਮੇਟੀ ਐਕਟ ਵਿੱਚ ਚੇਅਰਮੈਨ ਦੇ ਅਹੁਦੇ ਦਾ ਪ੍ਰਬੰਧ ਨਹੀਂ: ਝੀਂਡਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਕਮੇਟੀ ਐਕਟ ਵਿੱਚ ਚੇਅਰਮੈਨ ਦੇ ਅਹੁਦੇ ਲਈ ਕੋਈ ਪ੍ਰਬੰਧ ਨਹੀਂ ਹੈ, ਇਸ ਲਈ ਕਾਰਜਕਾਰਨੀ ਵਿੱਚ ਇਸ ਗੈਰ-ਸੰਵਿਧਾਨਕ ਅਹੁਦੇ ਦੇ ਏਜੰਡੇ ਨੂੰ ਪੇਸ਼ ਕਰਨਾ ਅਤੇ ਪਾਸ ਕਰਨ ਦਾ ਕੋਈ ਅਰਥ ਨਹੀਂ ਰੱਖਦਾ। ਉਨ੍ਹਾਂ ਕਿਹਾ ਕਿ ਚੇਅਰਮੈਨ, ਸਾਬਕਾ ਪ੍ਰਧਾਨ ਅਤੇ ਮੇਰੇ ਵੱਲੋਂ ਸਿਰਫ ਕੰਮ ਦਾ ਬੋਝ ਘਟਾਉਣ ਲਈ ਨਿਯੁਕਤ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਹਟਾ ਦਿੱਤਾ ਹੈ।
ਝੀਂਡਾ ਇਕੱਲੇ ਮਤੇ ਰੱਦ ਨਹੀਂ ਕਰ ਸਕਦੇ: ਰਾਮਸਰ, ਤਲਾਕੌਰ
ਸ਼ਾਹਬਾਦ ਮਾਰਕੰਡਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਕਾਲਕਾ ਤੇ ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿਚ ਬਹੁਮਤ ਨਾਲ ਪਾਸ ਕੀਤੇ ਹੋਏ ਮਤੇ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਇਕੱਲੇ ਰੱਦ ਨਹੀਂ ਕਰ ਸਕਦੇ, ਉਹ ਸਿਰਫ ਉਸੇ ਨੂੰ ਰੱਦ ਕਰ ਸਕਦੇ ਹਨ ਜੋ ਉਨ੍ਹਾਂ ਨੇ ਇੱਕਲੇ ਤੌਰ ’ਤੇ ਸਬ ਕਮੇਟੀਆਂ ਬਣਾਈਆਂ ਸਨ।
ਉਹ ਬਣਾਈਆਂ ਹੀ ਗਲਤ ਗਈਆਂ ਸਨ ਜਿਨ੍ਹਾਂ ਖ਼ਿਲਾਫ਼ ਅਸੀਂ ਹਰਿਆਣਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ 13 ਮੈਂਬਰਾਂ ਨੇ ਸਬੂਤਾਂ ਸਣੇ ਪੁੱਜ ਕੇ ਸ਼ਿਕਾਇਤ ਦਰਜ ਕਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ 11 ਮੈਂਬਰੀ ਅੰਤ੍ਰਿੰਗ ਕਮੇਟੀ ਵਿੱਚ ਬਹੁਮਤ ਨਾਲ ਪਾਸ ਹੋਏ ਮਤੇ ਸਿਰਫ 11 ਮੈਂਬਰੀ ਅੰਤ੍ਰਿਗ ਕਮੇਟੀ ਹੀ ਰੱਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਝੀਂਡਾ ਵਲੋਂ ਜੋ ਸਬ ਕਮੇਟੀਆਂ ਤੇ ਚੇਅਰਮੈਨੀਆਂ ਰੱਦ ਕੀਤੀਆਂ ਗਈਆਂ ਹਨ, ਇਹ ਗੁਮਰਾਹਕੁਨ ਹੈ।