ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨ
ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਬੁੱਧਵਾਰ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਦ੍ਰਿੜਤਾ ਅਤੇ ਰਾਸ਼ਟਰੀ ਮਾਣ ਦਾ ‘ਪ੍ਰਤੀਕ’ ਦੱਸਿਆ। ਸਿੰਘ ਨੇ ਨਵੀਂ ਦਿੱਲੀ ਵਿੱਚ ਪਿਪਿੰਗ ਸਮਾਰੋਹ...
ਓਲੰਪਿਕ ਸੋਨ ਤਗਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਬੁੱਧਵਾਰ ਨੂੰ ਲੈਫਟੀਨੈਂਟ ਕਰਨਲ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਨੂੰ ਦ੍ਰਿੜਤਾ ਅਤੇ ਰਾਸ਼ਟਰੀ ਮਾਣ ਦਾ ‘ਪ੍ਰਤੀਕ’ ਦੱਸਿਆ। ਸਿੰਘ ਨੇ ਨਵੀਂ ਦਿੱਲੀ ਵਿੱਚ ਪਿਪਿੰਗ ਸਮਾਰੋਹ ਵਿੱਚ ਟੈਰੀਟੋਰੀਅਲ ਆਰਮੀ ਵਿੱਚ ਸੇਵਾ ਨਿਭਾ ਰਹੇ ਸਟਾਰ ਜੈਵਲਿਨ ਥ੍ਰੋਅਰ ਨੂੰ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਿੰਨ੍ਹ ਪ੍ਰਦਾਨ ਕੀਤਾ। ਸਮਾਗਮ ਵਿਚ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਅਤੇ ਥਲ ਸੈਨਾ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਚੋਪੜਾ 26 ਅਗਸਤ, 2016 ਨੂੰ ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸ਼ਾਮਲ ਹੋਏ ਅਤੇ 2021 ਵਿੱਚ ਸੂਬੇਦਾਰ ਅਤੇ 2022 ਵਿੱਚ ਸੂਬੇਦਾਰ ਮੇਜਰ ਵਜੋਂ ਤਰੱਕੀ ਦਿੱਤੀ ਗਈ। ਹਰਿਆਣਾ ਦੇ ਪਾਣੀਪਤ ਦੇ ਖੰਡਰਾ ਪਿੰਡ ਵਿੱਚ 24 ਦਸੰਬਰ, 1997 ਨੂੰ ਜਨਮੇ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ।
Delighted to confer the insignia of Honorary rank of Lieutenant Colonel in the Territorial Army upon Neeraj Chopra, India’s outstanding sportsperson and two-time Olympic medalist.
Neeraj Chopra is an epitome of perseverance, patriotism and the Indian spirit of striving for… pic.twitter.com/PASbKS2fpM
— Rajnath Singh (@rajnathsingh) October 22, 2025
ਚੋਪੜਾ ਨੇ 2024 ਵਿੱਚ ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਅਤੇ 2023 ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਚੋਪੜਾ ਨੇ ਏਸ਼ੀਅਨ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਡਾਇਮੰਡ ਲੀਗ ਮੁਕਾਬਲਿਆਂ ਵਿੱਚ ਕਈ ਸੋਨ ਤਗਮੇ ਵੀ ਹਾਸਲ ਕੀਤੇ ਹਨ। 90.23 ਮੀਟਰ (2025) ਦਾ ਉਸਦਾ ਨਿੱਜੀ ਸਰਵੋਤਮ ਥਰੋਅ ਭਾਰਤੀ ਖੇਡ ਇਤਿਹਾਸ ਵਿੱਚ ਇੱਕ ਮੀਲ ਪੱਥਰ ਵਜੋਂ ਖੜ੍ਹਾ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੋਪੜਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਸ ਨੂੰ ‘ਦ੍ਰਿੜਤਾ, ਦੇਸ਼ ਭਗਤੀ ਅਤੇ ਉੱਤਮਤਾ ਲਈ ਯਤਨਸ਼ੀਲ ਭਾਰਤੀ ਭਾਵਨਾ ਦਾ ਪ੍ਰਤੀਕ’ ਦੱਸਿਆ। ਰੱਖਿਆ ਮੰਤਰਾਲੇ ਨੇ ਕਿਹਾ ਕਿ ਲੈਫਟੀਨੈਂਟ ਕਰਨਲ (ਆਨਰੇਰੀ) ਚੋਪੜਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਰਾਸ਼ਟਰ ਪ੍ਰਤੀ ਮਿਸਾਲੀ ਸੇਵਾ ਦੇ ਸਨਮਾਨ ਵਜੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 16 ਅਪਰੈਲ ਨੂੰ ਟੈਰੀਟੋਰੀਅਲ ਆਰਮੀ ਵਿੱਚ ਆਨਰੇਰੀ ਕਮਿਸ਼ਨ ਦਿੱਤਾ ਸੀ।
ਚੋਪੜਾ ਨੂੰ ਕਈ ਸਨਮਾਨ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਪਦਮ ਸ੍ਰੀ, ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ, ਅਰਜੁਨ ਪੁਰਸਕਾਰ, ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਸ਼ਾਮਲ ਹਨ।