ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇ ਨਾਲੋਂ ਚੰਗੀਆਂ ਕਦਰਾਂ ਕੀਮਤਾਂ ਦੇਣੀਆਂ ਜ਼ਰੂਰੀ: ਸੈਣੀ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਤਕਨੀਕੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਚੰਗੇ ਸੰਸਕਾਰ ਤੇ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਇਸ ਲਈ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 5 ਲੱਖ ਟੈਬਲੇਟ ਪ੍ਰਦਾਨ ਕੀਤੇ ਗਏ ਹਨ। ਉਹ ਬੀਤੀ ਦੇਰ ਸ਼ਾਮ ਲਾਡਵਾ ਦੇ ਨਿੱਜੀ ਪੈਲੇਸ ਵਿੱਚ ਸੰਪਰਕ ਫਾਊਂਡੇਸ਼ਨ ਤੇ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਸਮਾਰਟ ਕਲਾਸ ਵਿਸਥਾਰ ਪ੍ਰੋਗਰਾਮ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਗਪਗ 40 ਹਜ਼ਾਰ ਕਲਾਸ ਰੂਮਾਂ ਵਿਚ ਡਿਜੀਟਲ ਬੋਰਡ ਤੇ 1201 ਆਈਸੀਟੀ ਲੈਬ ਲਗਾਏ ਗਏ ਹਨ। ਇੰਨਾ ਹੀ ਨਹੀਂ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਤੇ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਦੇਣ ਲਈ ਸੂਬੇ ਵਿੱਚ ਨਵੀਂ ਸਿੱਖਿਆ ਨੀਤੀ ਵੀ ਪਹਿਲ ਦੇ ਆਧਾਰ ’ਤੇ ਲਾਗੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸੈਣੀ, ਸੰਪਰਕ ਫਾਊਂਡੇਸ਼ਨ ਦੇ ਸੰਸਥਾਪਕ ਵਿਨੀਤ ਨਾਇਰ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਭਾਜਪਾ ਆਗੂ ਸੁਭਾਸ਼ ਕਲਸਾਣਾ, ਜੈ ਭਗਵਾਨ ਸ਼ਰਮਾ ਡੀਡੀ, ਭਾਜਪਾ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਗੋਲਡੀ ਨਗਰ ਪਰਿਸ਼ਦ ਪ੍ਰਧਾਨ ਸਾਕਸ਼ੀ ਖੁਰਾਣਾ ਨੇ ਸੰਪਰਕ ਫਾਊਂਡੇਸ਼ਨ ਦੇ ਸੰਪਰਕ ਪ੍ਰੋਗਰਾਮ ਦਾ ਬਰੋਸ਼ਰ ਜਾਰੀ ਕੀਤਾ। ਮੁੱਖ ਮੰਤਰੀ ਨੇ ਲਾਡਵਾ ਤੋਂ ਰਾਜ ਵਿਆਪੀ ਸਮਾਰਟ ਟੀਵੀ ਸਿੱਖਿਆ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸੰਪਰਕ ਫਾਊਂਡੇਸ਼ਨ ਵੱਲੋਂ ਜੀਪੀਐੱਸ ਸਕੂਲ ਘਿਸਰਪੜੀ, ਲਾਡਵਾ, ਜੀਪੀਐੱਸ ਲਾਡਵਾ ਮੰਡੀ, ਜੀਪੀਐੱਸ ਨਿਵਾਰਸੀ ਦੇ ਪ੍ਰਿੰਸੀਪਲਾਂ ਨੂੰ ਸਮਾਰਟ ਟੀਵੀ ਵੰਡੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਡਿਜੀਟਲ ਸਿੱਖਿਆ ਦੇਣ ਲਈ ਸੂਬੇ ਵਿੱਚ ਇਕ ਨਵੀਂ ਪਹਿਲ ਕੀਤੀ ਜਾ ਰਹੀ ਹੈ ਇਸ ਪਹਿਲਕਦਮੀ ਤਹਿਤ ਲਾਡਵਾ ਤੋਂ ਸਮਾਰਟ ਟੀਵੀ ਰਾਹੀਂ ਸਿੱਖਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਪ੍ਰੋਗਰਾਮ ਸੰਪਰਕ ਫਾਊਂਡੇਸ਼ਨ ਦੀ ਸਮਾਜਵਾਦੀ ਸੋਚ, ਸੇਵਾ ਭਾਵਨਾ ਤੇ ਤਕਨੀਕੀ ਸ਼ਮੂਲੀਅਤ ਵੱਲ ਇਕ ਮਜ਼ਬੂਤ ਕਦਮ ਹੈ। ਉਨ੍ਹਾਂ ਕਿਹਾ ਕਿ ਸੰਪਰਕ ਫਾਊਂਡੇਸ਼ਨ ਨੇ ਸੂਬੇ ਦੇ 7 ਹਜ਼ਾਰ ਸਕੂਲਾਂ ਨੂੰ ਸੰਪਰਕ ਟੀਵੀ ਬਾਕਸ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਹੀ 1485 ਸਕੂਲਾਂ ਨੂੰ ਐੱਲਈਡੀਟੀ ਵੀ ਪ੍ਰਦਾਨ ਕਰਕੇ ਸਮਾਰਟ ਕਲਾਸਾਂ ਵਜੋਂ ਵਿਕਸਤ ਕੀਤਾ ਗਿਆ ਹੈ। ਸੰਪਰਕ ਫਾਊਂਡੇਸ਼ਨ ਦੇ ਸੰਸਥਾਪਕ ਵਿਨੀਤ ਨਾਇਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਪ੍ਰੇਰਨਾ ਸਦਕਾ ਹੀ ਸੰਪਰਕ ਫਾਊਂਡੇਸ਼ਨ ਬੱਚਿਆਂ ਨੂੰ ਤਕਨੀਕੀ ਤੌਰ ’ਤੇ ਸਮੱਰਥ ਬਣਾਉਣ ਲਈ ਕੰਮ ਕਰ ਰਹੀ ਹੈ। ਜ਼ਿਲਾ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।